ਅਸਮਾਨੀ ਬਿਜਲੀ ਡਿੱਗਣ ਨਾਲ ਭਾਜਪਾ ਆਗੂ ਦੀ ਮੌਤ

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ‘ਚ ਕ੍ਰਿਸ਼ਨਾਨਗਰ ਪੁਲਸ ਚੌਕੀ ਖੇਤਰ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਭਾਜਪਾ ਆਗੂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਭਾਜਪਾ ਆਗੂ ਮੀਂਹ ਵਿਚਾਲੇ ਛੱਤ ‘ਤੇ ਇਕੱਠਾ ਹੋਇਆ ਪਾਣੀ ਕੱਢ ਰਹੇ ਸਨ। ਪੁਲਸ ਡਿਪਟੀ ਸੁਪਰਡੈਂਟ ਭੂਸ਼ਣ ਵਰਮਾ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮੰਗਲਵਾਰ ਸ਼ਾਮ ਬਲਰਾਮ ਸਿੰਘ (40) ਭਾਰੀ ਮੀਂਹ ਕਾਰਨ ਛੱਤ ‘ਤੇ ਇਕੱਠਾ ਹੋਇਆ ਪਾਣੀ ਕੱਢ ਰਹੇ ਸਨ। ਉਦੋਂ ਅਸਮਾਨ ਤੋਂ ਬਿਜਲੀ ਬਲਰਾਮ ‘ਤੇ ਆ ਡਿੱਗੀ।
ਚੀਕ ਸੁਣ ਕੇ ਪਰਿਵਾਰ ਵਾਲੇ ਛੱਤ ‘ਤੇ ਪਹੁੰਚੇ ਤਾਂ ਬਲਰਾਮ ਬੇਹੋਸ਼ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਦਾ ਭਰਾ ਅਤੇ ਗੁਆਂਢੀ ਉਨ੍ਹਾਂ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਬਲਰਾਮ ਨੂੰ ਮ੍ਰਿਤਕ ਐਲਾਨ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।