ਇੰਟਰਨੈਸ਼ਨਲ ਡੈਸਕ- ਬੀਤੇ ਕੁਝ ਸਮੇਂ ਤੋਂ ਦੁਨੀਆ ਭਰ ਦੇ ਕਈ ਦੇਸ਼ਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਤਾਜ਼ਾ ਮਾਮਲਾ ਸਮੁੰਦਰ ਨਾਲ ਘਿਰੇ ਯੂਰੋਪ ਦੇ ਗ੍ਰੀਸ ਦੇਸ਼ ਤੋਂ ਆਇਆ ਹੈ, ਜਿੱਥੇ 6.0 ਤੀਬਰਤਾ ਦੇ ਭੂਚਾਲ ਕਾਰਨ ਧਰਤੀ ਕੰਬ ਗਈ ਹੈ।
ਨੈਸ਼ਨਲ ਸੈਂਟਰ ਫ਼ਾਰ ਸੀਸਮੌਲੌਜੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਸਮੇਂ ਅਨੁਸਾਰ ਇਹ ਭੂਚਾਲ ਸਵੇਰੇ ਕਰੀਬ 8.50 (ਗ੍ਰੀਕ ਸਮੇਂ ਮੁਤਾਬਕ 6.20) ਵਜੇ ਆਇਆ। ਗ੍ਰੀਸ ਦੇ ਸਭ ਤੋਂ ਵੱਡੇ ਤੇ ਸਭ ਤੋਂ ਵੱਧ ਆਬਾਦੀ ਵਾਲੇ ਕ੍ਰੀਟ ਟਾਪੂ ‘ਤੇ ਆਏ 6.0 ਤੀਬਰਤਾ ਵਾਲੇ ਇਸ ਭੂਚਾਲ ਦੀ ਡੂੰਘਾਈ 104 ਕਿਲੋਮੀਟਰ ਦੱਸੀ ਜਾ ਰਹੀ ਹੈ। ਇਸ ਭੂਚਾਲ ਮਗਰੋਂ ਸੁਨਾਮੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ 14 ਮਈ ਨੂੰ ਵੀ ਗ੍ਰੀਸ 6.3 ਤੀਬਰਤਾ ਦੇ ਭੂਚਾਲ ਕਾਰਨ ਕੰਬ ਗਿਆ ਸੀ, ਜਿਸ ਮਗਰੋਂ ਅੱਜ ਇਕ ਵਾਰ ਫ਼ਿਰ ਤੋਂ ਇੱਥੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਫਿਲਹਾਲ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਏਸ਼ੀਆ ਦੇ ਕਈ ਦੇਸ਼ ਭੂਚਾਲ ਦੇ ਨਿਸ਼ਾਨੇ ‘ਤੇ ਸਨ ਤੇ ਇਸ ਦੌਰਾਨ ਭਾਰਤ-ਪਾਕਿਸਤਾਨ ਤੋਂ ਇਲਾਵਾ ਚੀਨ ਤੇ ਤੁਰਕੀ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮਿਆਂਮਾਰ ਤੇ ਥਾਈਲੈਂਡ ‘ਚ ਮਾਰਚ ਮਹੀਨੇ ਆਏ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ।















