ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਸ੍ਰੀਨਗਰ : ਨੈਸ਼ਨਲ ਕਾਨਫਰੰਸ (NC) ਦੇ ਉਮਰ ਅਬਦੁੱਲਾ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਸਵੇਰੇ 11.30 ਵਜੇ ਉਮਰ ਅਬਦੁੱਲਾ ਅਤੇ ਪੰਜ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਦੱਸ ਦੇਈਏ ਕਿ ਉਮਰ ਦੇ ਸਹੁੰ ਚੁੱਕ ਸਮਾਗਮ ‘ਚ ਵਿਰੋਧੀ ਗਠਜੋੜ ‘ਇੰਡੀਆ’ ਦੇ ਨੇਤਾਵਾਂ ਜਿਵੇਂ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ, ਅਖਿਲੇਸ਼ ਯਾਦਵ, ਪ੍ਰਕਾਸ਼ ਕਰਤ, ਕਨੀਮੋਝੀ, ਮਹਿਬੂਬਾ ਮੁਫਤੀ ਆਦਿ ਨੇ ਸ਼ਿਰਕਤ ਕੀਤੀ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਮਰ ਅਬਦੁੱਲਾ ਨੇ ਯਾਦਗਾਰ ‘ਤੇ ਐੱਨਸੀ ਦੇ ਸੰਸਥਾਪਕ ਸ਼ੇਖ ਮੁਹੰਮਦ ਅਬਦੁੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਪਠਾਨੀ ਸੂਟ ਅਤੇ ਕੋਟ ਪਹਿਨੇ 54 ਸਾਲਾ ਅਬਦੁੱਲਾ ਨੇ ਪਾਰਟੀ ਸੰਸਥਾਪਕ ਦੀ ਯਾਦਗਾਰ ‘ਤੇ ਫੁੱਲ ਚੜ੍ਹਾਏ।