CM ਮਾਨ ਦੀ ਕਾਰੋਬਾਰੀਆਂ ਨਾਲ ਮੁੰਬਈ ‘ਚ ਮੀਟਿੰਗ ਸ਼ੁਰੂ, ਪੰਜਾਬ ‘ਚ ਕਾਰੋਬਾਰ ਵਧਾਉਣ ਦਾ ਦਿੱਤਾ ਸੱਦਾ

ਮੁੰਬਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਮਿਸ਼ਨ ਇਨਵੈਸਟਮੈਂਟ ਤਹਿਤ ਮੁੰਬਈ ਵਿੱਚ ਹਨ। ਇਸ ਮੌਕੇ ਉਹਨਾਂ ਨੇ ਵੱਡੇ ਕਾਰੋਬਾਰੀਆਂ ਅਤੇ ਫਿਲਮੀ ਹਸਤੀਆਂ ਨਾਲ ਮੁਲਾਕਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਾਨ ਨੇ ਪਹਿਲੇ ਪੜਾਅ ਵਿੱਚ ਸਨ ਫਾਰਮਾ ਦੇ ਸੀਈਓ ਨਾਲ ਮੀਟਿੰਗ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਪੰਜਾਬ ਵਿੱਚ ਆਪਣਾ ਕਾਰੋਬਾਰ ਵਧਾਉਣ ਦਾ ਸੱਦਾ ਦਿੱਤਾ। ਕੰਪਨੀ ਨੇ ਪੰਜਾਬ ਦੇ ਵਾਤਾਵਰਨ ਦੀ ਸ਼ਲਾਘਾ ਕੀਤੀ।
ਦੱਸ ਦੇਈਏ ਕਿ ਮੁੱਖ ਮੰਤਰੀ ਮਾਨ ਨੇ ਇਸ ਮੀਟਿੰਗ ਦੀ ਜਾਣਕਾਰੀ ਐਕਸ ‘ਤੇ ਸਾਂਝੀ ਕੀਤੀ। ਇਸ ਦੌਰਾਨ ਉਹਨਾਂ ਨੇ ਲਿੱਖਿਆ ਕਿ, ‘ਅੱਜ ਮੁੰਬਈ ਵਿਖੇ ਵੱਡੇ ਸਨਅੱਤਕਾਰਾਂ ਨਾਲ ਮੀਟਿੰਗ ਦਰਮਿਆਨ Sun Pharma ਦੇ CEO Mr. Damodharan Satagopan ਨਾਲ ਮੁਲਾਕਾਤ ਕੀਤੀ… Sun Pharma ਪਹਿਲਾਂ ਹੀ ਪੰਜਾਬ ‘ਚ ਕੰਮ ਕਰ ਰਹੀ ਹੈ ਤੇ ਇਹਨਾਂ ਨੇ ਪੰਜਾਬ ‘ਚ ਵਿਸਥਾਰ ਕਰਨ ਦੀ ਗੱਲ ਕੀਤੀ…ਜਿਸ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਸਿੱਧੇ-ਅਸਿੱਧੇ ਰੋਜ਼ਗਾਰ ਮਿਲੇਗਾ…।’ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ, ‘Sun Pharma ਦੇ CEO ਨੇ ਪੰਜਾਬ ‘ਚ ਵਪਾਰ ਕਰਨ ਲਈ ਸੁਖਾਵੇਂ ਮਹੌਲ ਦੀ ਗੱਲ ਕਹੀ ਤੇ ਪੰਜਾਬੀਆਂ ਦੀ ਵੀ ਜੰਮ ਕੇ ਸ਼ਲਾਘਾ ਵੀ ਕੀਤੀ…।’
ਇਸ ਤੋਂ ਇਲਾਵਾ ਸੀਐੱਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਮੀਟਿੰਗਾਂ ਵਿੱਚ ਪੰਜਾਬ ਵਿੱਚ ਫ਼ਿਲਮ ਸਿਟੀ ਪ੍ਰਾਜੈਕਟ ਸਮੇਤ ਕੁਝ ਵੱਡੇ ਪ੍ਰਾਜੈਕਟਾਂ ‘ਤੇ ਵੀ ਵਿਚਾਰ-ਚਰਚਾ ਕੀਤੀ ਜਾਵੇਗੀ।