ਭੁਵਨੇਸ਼ਵਰ – ਪੁਲਸ ਨੇ ਭੁਵਨੇਸ਼ਵਰ ਅਤੇ ਕਟਕ ‘ਚ ਗਣੇਸ਼ ਪੂਜਾ ਦੇ ਜਸ਼ਨਾਂ ਦੌਰਾਨ ਡਿਸਕ ਜਾਕੀ (ਡੀਜੇ) ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਗਣੇਸ਼ ਪੂਜਾ 7 ਸਤੰਬਰ ਤੋਂ ਸ਼ੁਰੂ ਹੋਵੇਗੀ। ਕਟਕ ਵਿੱਚ ਪੂਜਾ ਪ੍ਰਬੰਧਕਾਂ ਨਾਲ ਮੀਟਿੰਗ ਤੋਂ ਬਾਅਦ ਪੁਲਸ ਕਮਿਸ਼ਨਰ ਸੰਜੀਵ ਪਾਂਡਾ ਨੇ ਇਹ ਗੱਲ ਕਹੀ ਹੈ। ਇਸ ਦੇ ਨਾਲ ਹੀ ਭੁਵਨੇਸ਼ਵਰ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀਸੀਪੀ) ਪ੍ਰਤੀਕ ਸਿੰਘ ਨੇ ਵੀ ਐਤਵਾਰ ਨੂੰ ਇੱਥੇ ਇਸ ਸਬੰਧ ਵਿੱਚ ਮੀਟਿੰਗ ਕੀਤੀ। ਦੋਵਾਂ ਮੀਟਿੰਗਾਂ ਵਿੱਚ ਪ੍ਰਬੰਧਕਾਂ ਨੂੰ ਮੂਰਤੀ ਵਿਸਰਜਨ ਯਾਤਰਾ ਸਮੇਤ ਪੂਜਾ ਦੌਰਾਨ ਡੀਜੇ ਸੰਗੀਤ ਦੀ ਵਰਤੋਂ ਨਾ ਕਰਨ ਲਈ ਕਿਹਾ ਗਿਆ ਹੈ।
ਕਟਕ ਵਿੱਚ ਮੂਰਤੀ ਵਿਸਰਜਨ ਸਮਾਰੋਹ 15, 22 ਅਤੇ 29 ਸਤੰਬਰ ਨੂੰ ਹੋਣੇ ਹਨ। ਉਨ੍ਹਾਂ ਕਿਹਾ ਕਿ ਪੂਜਾ ਕਮੇਟੀਆਂ ਨੂੰ ਸਥਾਨਕ ਥਾਣਿਆਂ ਤੋਂ ਸੱਤ ਦਿਨ ਪਹਿਲਾਂ ਇਜਾਜ਼ਤ ਲੈਣ ਲਈ ਕਿਹਾ ਗਿਆ ਹੈ। ਡੀਸੀਪੀ ਸਿੰਘ ਨੇ ਦੱਸਿਆ ਕਿ ਇਸੇ ਤਰ੍ਹਾਂ ਭੁਵਨੇਸ਼ਵਰ ਵਿੱਚ ਪੂਜਾ ਕਮੇਟੀਆਂ 8, 11 ਅਤੇ 15 ਸਤੰਬਰ ਨੂੰ ਵਿਸਰਜਨ ਯਾਤਰਾ ਕੱਢਣਗੀਆਂ। ਉਨ੍ਹਾਂ ਕਿਹਾ ਕਿ ਗਣੇਸ਼ ਪੂਜਾ ਕਮੇਟੀਆਂ ਨੂੰ ਡੀਜੇ ਸੰਗੀਤ ਨਾ ਚਲਾਉਣ ਅਤੇ ਆਪਣੇ ਪੰਡਾਲਾਂ ਵਿੱਚ ਸੀਸੀਟੀਵੀ ਲਗਾਉਣ ਲਈ ਕਿਹਾ ਗਿਆ ਹੈ।
ਉਹਨਾਂ ਨੇ ਕਿਹਾ,’ਅਸੀਂ ਉਹਨਾਂ ਨੂੰ ਜਲੂਸ ਦੌਰਾਨ ਡੀਜੇ ਦੀ ਥਾਂ ਰਵਾਇਤੀ ਸੰਗੀਤਕ ਸਾਜ਼ਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।” ਉਨ੍ਹਾਂ ਚਿਤਾਵਨੀ ਦਿੱਤੀ ਕਿ ਲੋਕਾਂ ਤੋਂ ਜ਼ਬਰਦਸਤੀ ਚੰਦਾ ਇਕੱਠਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੂਜਾ ਦੌਰਾਨ ਆਵਾਜਾਈ ਨੂੰ ਨਿਯੰਤਰਿਤ ਕਰਨ ਲਈ ਪੁਲਸ ਰਾਜਧਾਨੀ ਸ਼ਹਿਰ ਵਿੱਚ ਲੋੜੀਂਦੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤਾਇਨਾਤ ਕਰੇਗੀ। ਹਾਲਾਂਕਿ, ਡੀਜੇ ਮਾਲਕਾਂ ਨੇ ਇਸ ਕਦਮ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪਾਬੰਦੀ ਦੇ ਹੁਕਮ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿੱਚ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰਨਗੇ।















