ਨਵੀਂ ਦਿੱਲੀ : ਰਾਇਲ ਨੇਪਾਲ ਏਅਰਲਾਈਨਜ਼ ਨੇ ਇਕ ਹਵਾਈ ਜਹਾਜ਼ ਨੂੰ ਐਤਵਾਰ ਨੂੰ ਤਕਨੀਕੀ ਖਰਾਬੀ ਕਾਰਨ ਐਮਰਜੰਸੀ ‘ਚ ਇਥੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਉਤਾਰਿਆ। ਫਲਾਈਟ ‘ਚ 160 ਲੋਕ ਸਵਾਰ ਸਨ। ਸੂਤਰਾਂ ਅਨੁਸਾਰ ਕਾਠਮਾਂਡੂ ਜਾਣ ਵਾਲੀ ਇਸ ਫਲਾਈਟ ਦੇ ਸਾਰੇ ਯਾਤਰੀ ਸੁਰੱਖਿਅਤ ਹਨ। ਫਲਾਈਟ ਦਿੱਲੀ ਤੋਂ ਹੀ ਰਵਾਨਾ ਹੋਈ ਸੀ ਅਤੇ ਕਰੀਬ 20 ਮਿੰਟ ਬਾਅਦ ਤਕਨੀਕੀ ਖਰਾਬੀ ਕਾਰਨ ਉਸ ਨੂੰ ਵਾਪਸ ਦਿੱਲੀ ਹਵਾਈ ਅੱਡੇ ‘ਤੇ ਲੈਂਡ ਕਰਵਾਉਣਾ ਪਿਆ।
ਸੂਤਰਾਂ ਨੇ ਦੱਸਿਆ ਕਿ ਰਾਇਲ ਨੇਪਾਲ ਏਅਰਲਾਈਨ ਦੀ ਫਲਾਈਟ ਸੰਖਿਆ 218 ਸੀ, ਜੋ ਰਾਤ ‘ਚ ਕਰੀਬ ਅੱਠ ਵਜੇ ਕਾਠਮਾਂਡੂ ਦੇ ਲਈ ਰਵਾਨਾ ਹੋਈ। ਜਹਾਜ਼ ਦੇ ਵਿੰਗ ਪੈਕ ਨਾ ਖੁੱਲਣ ਕਾਰਨ ਇਸ ਫਲਾਈਟ ਨੂੰ ਐਮਰਜੰਸੀ ‘ਚ ਲੈਂਡ ਕਰਵਾਉਣਾ ਪਿਆ। ਉਨ੍ਹਾਂ ਨੇ ਦੱਸਿਆ ਕਿ ਫਲਾਈਟ ਨੂੰ ਹਵਾਈ ਅੱਡੇ ਦੇ ਰਨਵੇ 28 ‘ਤੇ ਸੁਰੱਖਿਅਤ ਉਤਾਰ ਲਿਆ ਗਿਆ ਹੈ। ਇਸ ਘਟਨਾ ਦੇ ਕਾਰਨ ਰਨਵੇ 28 ਨੂੰ ਬੰਦ ਕਰ ਦਿੱਤਾ ਗਿਆ ਹੈ।















