ਚੰਡੀਗੜ੍ਹ : ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਸੂਬੇ ‘ਚ ਨਸ਼ਾ ਤੇ ਰੇਤ ਮਾਫੀਆ ਦੀ ਅਗਵਾਈ ਕਰਨ ਵਾਲੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਬਿਕ੍ਰਮ ਸਿੰਘ ਮਜੀਠੀਆ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤੇ ਜਾਣ ਦੀ ਮੰਗ ਕੀਤੀ ਹੈ। ਚੰਨੀ ਨੇ ਇਸ ਸਬੰਧ ‘ਚ ਡੀ.ਜੀ.ਪੀ ਸੁਰੇਸ਼ ਅਰੋੜਾ ਨੂੰ ਮਿੱਲ ਕੇ ਦੋ ਸ਼ਿਕਾਇਤਾਂ ਦਿੱਤੀਆਂ।
ਉਨ੍ਹਾਂ ਨੇ ਕਿਹਾ ਕਿ ਸੂਬਾ ਨਸ਼ਾ ਤਸਕਰਾਂ ਲਈ ਸਵਰਗ ਬਣ ਚੁੱਕਾ ਹੈ, ਜਿਹੜੇ ਇਨ੍ਹਾਂ ਲੋਕਾਂ ਦੀ ਸ਼ੈਅ ਹੇਠ ਬਿਨ੍ਹਾਂ ਰੋਕ ਟੋਕ ਮਾਫੀਆ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਪਹਿਲਾਂ ਹੀ ਮਜੀਠੀਆ ਦਾ ਨਾਂ ਇਸ ਲਈ ਸਾਹਮਣੇ ਆ ਚੁੱਕਾ ਹੈ। ਜਦਕਿ ਸੂਬੇ ਦੇ ਗ੍ਰਹਿ ਮੰਤਰੀ ਹੋਣ ਵਜੋਂ ਸੁਖਬੀਰ ਬਾਦਲ ਹਾਲਾਤਾਂ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।
ਰੇਤ ਮਾਫੀਆ ਬਾਰੇ ਉਨ੍ਹਾਂ ਨੇ ਕਿਹਾ ਕਿ ਕਾਫੀ ਸਮੇਂ ਤੋਂ ਸੂਬੇ ‘ਚ ਰੇਤ ਖੁਦਾਈ ਦੀਆਂ ਸਾਈਟਾਂ ਦੀ ਨੀਲਾਮੀ ਨਹੀਂ ਹੋਈ ਹੈ ਤੇ ਨਜ਼ਾਇਜ ਖੁਦਾਈ ਨਾਲ ਸੂਬੇ ਦੇ ਮਾਲੀਏ ਨੂੰ ਹਜਾਰਾਂ ਕਰੋੜਾਂ ਰੁਪਏ ਦਾ ਘਾਟਾ ਪਹੁੰਚ ਰਿਹਾ ਹੈ। ਰੇਤ ਦੀ ਤਸਕਰੀ ਦੀ ਗੱਲ੍ਹ ਅੱਜ ਸੱਭ ਦੇ ਸਾਹਮਣੇ ਹੈ। ਰੇਤ, ਬਜ਼ਰੀ ਤੇ ਹੋਰ ਖਣਜ ਪਦਾਰਥ ਵਾਤਾਵਰਨ ਦਾ ਧਿਆਨ ਰੱਖੇ ਬਗੈਰ ਸੂਬੇ ‘ਚ ਗੈਰ ਕਾਨੂੰਨੀ ਤਰੀਕੇ ਨਾਲ ਕੱਢੇ ਜਾ ਰਹੇ ਹਨ। ਸੱਤਾਧਾਰੀ ਲੋਕ ਪੁਲਿਸ ਤੇ ਖੁਦਾਈ ਵਿਭਾਗ ਦੇ ਅਫਸਰਾਂ ਦੀ ਮਿਲੀਭੁਗਤ ਨਾਲ ਇਹ ਸਾਰਾ ਕੰਮ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਹ ਸੱਚਾਈ ਬਣ ਚੁੱਕੀ ਹੈ ਕਿ ਸੂਬੇ ਦੇ ਪਹਿਲੇ ਪਰਿਵਾਰ ਦੇ ਮੈਂਬਰ, ਜਿਨ੍ਹਾਂ ‘ਚ ਸੁਖਬੀਰ ਸਿੰਘ ਬਾਦਲ ਤੇ ਬਿਕ੍ਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਵਫਾਦਾਰ ਜਿਵੇਂ ਰੋਜ਼ੀ ਬਰਕੰਦੀ ਸ਼ਾਮਿਲ ਹਨ, ਨਜ਼ਾਇਜ ਖੁਦਾਈ ਦਾ ਬਿਜਨੇਸ ਚਲਾ ਰਹੇ ਹਨ, ਕਿਉਂਕਿ ਰੇਤ ਦੀ ਖੁਦਾਈ ਲਈ ਠੇਕੇ ਨਾ ਜ਼ਾਰੀ ਹੋਣ ਕਾਰਨ ਰੇਤ ਕਾਨੂੰਨੀ ਤੌਰ ‘ਤੇ ਉਪਲਬਧ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਵਿਸ਼ੇਸ਼ ਹਿੱਤਾਂ ਕਾਰਨ ਖਾਨਾਂ ਦੀ ਨੀਲਾਮੀ ਨਹੀਂ ਕੀਤੀ ਗਈ ਹੈ। ਜਿਸ ਕਾਰਨ ਸੂਬੇ ਦੇ ਮਾਲੀਏ ਨੂੰ ਕਰੀਬ 25 ਹਜ਼ਾਰ ਕਰੋੜ ਰੁਪਏ ਦਾ ਕੁੱਲ ਘਾਟਾ ਪਹੁੰਚਿਆ ਹੈ। ਭ੍ਰਿਸ਼ਟ ਪੁਲਿਸ ਤੇ ਹੋਰ ਅਫਸਰ ਇਸ ਰੇਤ ਮਾਫੀਆ ਦਾ ਹਿੱਸਾ ਹਨ।
ਉਨ੍ਹਾਂ ਨੇ ਕਿਹਾ ਕਿ ਰੇਤ ਸਿਰਫ ਕਾਲੇ ਬਜ਼ਾਰ ‘ਚ ਮਹਿੰਗੇ ਰੇਟਾਂ ਉਪਰ ਉਪਬਧ ਹੈ। ਨਜ਼ਾਇਜ ਖਾਨਾਂ ਤੋਂ ਇਹ ਰੇਤ ਲੈਣ ਵਾਲੇ ਟ੍ਰਾਂਸਪੋਰਟਰਾਂ ਨੂੰ ਮਾਫੀਆ ਨੂੰ ਖਰਚਾ ਦੇਣਾ ਪੈਂਦਾ ਹੈ, ਜਿਸ ਤੋਂ ਬਗੈਰ ਉਹ ਅਜਿਹਾ ਨਹੀਂ ਕਰ ਸਕਦੇ। ਇਸ ਖਰਚੇ ਨੂੰ ਆਮ ਤੌਰ ‘ਤੇ ਗੁੰਡਾ ਪਰਚੀ ਕਿਹਾ ਜਾਂਦਾ ਹੈ। ਮੰਦਭਾਗਾ ਹੇ ਕਿ ਆਪਣੇ ਹੀ ਖੇਤ ਤੋਂ ਰੇਤ ਕੱਢਣ ਵਾਲੇ ਗਰੀਬ ਕਿਸਾਨ ‘ਤੇ ਜ਼ੁਰਮਾਨਾ ਲਗਾਇਆ ਜਾਂਦਾ ਹੈ, ਜਦਕਿ ਰੇਤ ਮਾਫੀਆ ਨੇ ਇਸ ਬਿਜਨੇਸ ‘ਤੇ ਏਕਾਧਿਕਾਰ ਜਮ੍ਹਾ ਰੱਖਿਆ ਹੈ।
ਅਜਿਹੇ ‘ਚ ਉਨ੍ਹਾਂ ਨੇ ਉਪਰੋਕਤ ਵਿਅਕਤੀਆਂ ਖਿਲਾਫ ਸਰਕਾਰੀ ਜ਼ਮੀਨ ਅਤੇ ਹੋਰਨਾਂ ਨਜ਼ਾਇਜ ਸਥਾਨਾਂ ਤੋਂ ਰੇਤ ਤੇ ਹੋਰਨਾਂ ਖਣਜ਼ ਪਦਾਰਥਾਂ ਦੀ ਚੋਰੀ ਅਤੇ ਖੁਦਾਈ ਦੇ ਸਥਾਨਾਂ ਦੀ ਨੀਲਾਮੀ ਨਾ ਕਰਨ ਕਰਕੇ ਸੂਬੇ ਦੇ ਖਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਲਈ ਅਤੇ ਨਜ਼ਾਇਜ ਖੁਦਾਈ ਕਰਨ ਲਈ ਕੇਸ ਦਰਜ਼ ਕਰਨ ਦੀ ਮੰਗ ਕੀਤੀ ਹੈ। ਇਕ ਹੋਰ ਕੇਸ ਨਾਰਕੋਟਿਕਸ ਐਕਟ ਹੇਠ ਦਰਜ਼ ਕੀਤੀ ਜਾਣੀ ਚਾਹੀਦੀ ਹੈ। ਇਨ੍ਹਾਂ ਸਾਰਿਆਂ ਦੋਸ਼ਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।















