ਮੈਕਾਏ: ਭਾਰਤ ਏ ਨੇ ਆਪਣੇ ਖਿਡਾਰੀਆਂ ਦੇ ਜ਼ਬਰਦਸਤ ਪ੍ਰਦਰਸ਼ਨ ਦੀ ਬਦੌਲਤ ਫ਼ਾਈਨਲ ‘ਚ ਅੱਜ ਇੱਥੇ ਆਸਟ੍ਰੇਲੀਆ ਏ ਨੂੰ 57 ਦੌੜਾਂ ਨਾਲ ਹਰਾ ਕੇ ਚਹੁੰਕੋਣੀ ਇਕ ਰੋਜ਼ਾ ਲੜੀ ਜਿੱਤ ਲਈ। ਟਾਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 50 ਓਵਰ ‘ਚ ਚਾਰ ਵਿਕਟ ‘ਤੇ 266 ਦੌੜਾਂ ਬਣਾਈਆਂ ਅਤੇ ਫ਼ਿਰ ਮੇਜ਼ਬਾਨ ਟੀਮ ਨੂੰ 44.5 ਓਵਰ ‘ਚ 209 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤੀ ਪਾਰੀ ਦੇ ਹੀਰੋ ਮਨਦੀਪ ਸਿੰਘ ਰਹੇ ਜਿਨ੍ਹਾਂ 108 ਗੇਂਦਾਂ ‘ਚ 95 ਦੌੜਾਂ ਬਣਾਈਆਂ। ਉਨ੍ਹਾਂ 11 ਚੌਕੇ ਲਗਾਏ। ਮੈਨ ਆਫ਼ ਦਿ ਮੈਚ ਮਨਦੀਪ ਨੇ ਕਪਤਾਨ ਮਨੀਸ਼ ਪਾਂਡੇ (61) ਦੇ ਨਾਲ ਮਿਲ ਕੇ ਭਾਰਤੀ ਟੀਮ ਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਸ਼੍ਰੇਅਸ ਅਈਅਰ ਨੇ ਵੀ 41 ਦੌੜਾਂ ਦੀ ਵਧੀਆ ਪਾਰੀ ਖੇਡੀ। ਆਸਟ੍ਰੇਲੀਆ ਵੱਲੋਂ ਚਾਰ ਗੇਂਦਬਾਜ਼ਾਂ ਨੇ ਇਕ-ਇਕ ਵਿਕਟ ਝਟਕਾਏ। ਇਸ ਦੇ ਜਵਾਬ ‘ਚ ਆਸਟ੍ਰੇਲੀਆ ਏ ਨੇ ਨਿਯਮਿਤ ਵਕਫ਼ੇ ‘ਤੇ ਵਿਕਟ ਗੁਆਏ ਅਤੇ ਪੂਰੀ ਟੀਮ 44.5 ਓਵਰ ‘ਚ ਸਿਮਟ ਗਈ। ਯੁਜਵੇਂਦਰ ਚਾਹਲ ਨੇ (34 ਦੌੜਾਂ ‘ਤੇ ਚਾਰ ਵਿਕਟ) ਚਾਰ ਵਿਕਟ ਝਟਕੇ ਜਦੋਂਕਿ ਧਵਲ ਕੁਲਕਰਣੀ, ਕਰੁਣ ਨਾਇਰ ਅਤੇ ਅਕਸ਼ਰ ਪਟੇਲ ਨੂੰ ਦੋ-ਦੋ ਵਿਕਟਾਂ ਮਿਲੀਆਂ। ਆਸਟ੍ਰੇਲੀਆ ਏ ਦੇ ਲਈ ਕਪਤਾਨ ਪੀਟ ਹੈਂਡਸਕੋਂਬ (43) ਨੇ ਐਲੇਕਸ ਰੋਸ (34) ਦੇ ਨਾਲ ਮਿਲ ਕੇ ਟੀਮ ਨੂੰ ਟੀਚੇ ਦੇ ਨਜ਼ਦੀਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਜੋੜੀ ਟੁੱਟਣ ਦੇ ਬਾਅਦ ਟੀਮ ਦੀ ਪਾਰੀ ਨੂੰ ਰੋਕਣ ‘ਚ ਵੱਧ ਸਮਾਂ ਨਹੀਂ ਲੱਗਾ। ਟੀਮ ਨੇ ਅੰਤਿਮ ਪੰਜ ਵਿਕਟ ਸਿਰਫ਼ 26 ਦੌੜਾਂ ਬਣਾ ਕੇ ਗੁਆਏ। ਆਸਟ੍ਰੇਲੀਆ ਏ ਵਲੋਂ ਸਲਾਮੀ ਬੱਲੇਬਾਜ਼ ਕੈਮਰਨ ਬੈਨਕ੍ਰਾਫ਼ਟ (34) ਅਤੇ ਨਿਕ ਮੇਡਿਨਸਨ (31) ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ‘ਚ ਬਦਲਣ ‘ਚ ਨਾਕਾਮ ਰਹੇ। ਭਾਰਤ ਨੇ ਪਿਛਲੀਆਂ ਤਿੰਨ ‘ਏ’ ਲੜੀਆਂ ਜਿੱਤੀਆਂ ਹਨ ਅਤੇ ਹਰ ਵਾਰ ਉਸ ਨੇ ਫ਼ਾਈਨਲ ‘ਚ ਆਸਟ੍ਰੇਲੀਆ ਏ ਨੂੰ ਹਰਾਇਆ ਹੈ। ਲੜੀ ਦੀਆਂ ਦੋ ਹੋਰ ਟੀਮਾਂ ਦੱਖਣੀ ਅਫ਼ਰੀਕਾ ਏ ਅਤੇ ਆਸਟ੍ਰੇਲੀਆ ਨੈਸ਼ਨਲ ਪਰਫ਼ਾਰਮੈਂਸ ਟੀਮ ਸਨ।












