ਜਲੰਧਰ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਉਮੀਦਵਾਰ ਨਹੀਂ ਮਿਲੇ, ਜਿਸ ਕਾਰਨ ਉਨ੍ਹਾਂ ਵੱਲੋਂ ਦੂਜੀਆਂ ਪਾਰਟੀਆਂ ਤੋਂ ਉਮੀਦਵਾਰ ਲਿਆਂਦੇ ਗਏ।
ਉਨ੍ਹਾਂ ਕਿਹਾ ਕਿ ਜਿਹੜੇ ਆਗੂਆਂ ਦਾ ਆਪਣਾ ਕੋਈ ਸਟੈਂਡ ਨਹੀਂ ਹੈ, ਉਹ ਜਲੰਧਰ ਦੇ ਲੋਕਾਂ ਨਾਲ ਕਿਵੇਂ ਖੜ੍ਹਨਗੇ। ਅਜਿਹੇ ਦਲ-ਬਦਲੂ ਆਪਣੀਆਂ ਮਾਂ ਪਾਰਟੀ ਛੱਡ ਕੇ ਚਲੇ ਗਏ, ਜਦਕਿ ਵਰਕਰ ਚੱਟਾਨ ਵਾਂਗ ਪਾਰਟੀ ਨਾਲ ਖੜ੍ਹੇ ਰਹੇ।
ਚੰਨੀ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਦੇ ਵੱਧ ਤੋਂ ਵੱਧ ਆਗੂ ਅਤੇ ਵਰਕਰ ਉਨ੍ਹਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਦੀ ਅਗਵਾਈ ਕਰਨ ਵਾਲੇ ਆਗੂਆਂ ਦੇ ‘ਆਇਆ ਰਾਮ-ਗਿਆ ਰਾਮ’ ਵਾਲੇ ਰਵੱਈਏ ਤੋਂ ਬੇਹੱਦ ਨਿਰਾਸ਼ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਉਮੀਦਵਾਰਾਂ ਨੇ ਸਿਆਸਤ ਦਾ ਪੱਧਰ ਡੇਗ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀਆਂ ਪਾਰਟੀਆਂ ਦੇ ਨਿਰਾਸ਼ ਵਰਕਰਾਂ ਸਮੇਤ ਕਈ ਲੋਕ ਇਨ੍ਹਾਂ ਦਲ-ਬਦਲੂ ਆਗੂਆਂ ਦਾ ਸਾਥ ਛੱਡ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਉਹ ਖੁੱਲ੍ਹ ਕੇ ਕਾਂਗਰਸ ਦੇ ਹੱਕ ਵਿਚ ਖੜ੍ਹੇ ਨਜ਼ਰ ਆਉਣਗੇ।
ਇਸ ਦੌਰਾਨ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੇ ਸਮਰਥਕ ਅਸ਼ਵਨੀ ਜੰਗਰਾਲ ਅਤੇ ਉਨ੍ਹਾਂ ਦਾ ਪਰਿਵਾਰ ਕਾਂਗਰਸ ਵਿਚ ਸ਼ਾਮਲ ਹੋ ਗਏ। ਚੰਨੀ ਨੂੰ ਬਸਤੀ ਸ਼ੇਖ ਵਿਚ ਵਾਲਮੀਕਿ ਸਮਾਜ ਨੇ ਵੀ ਮੀਟਿੰਗ ਦੌਰਾਨ ਸਮਰਥਨ ਦੇਣ ਦਾ ਐਲਾਨ ਕੀਤਾ।















