ਹਾਂਗਕਾਂਗ ‘ਚ ‘ਬੀ ਵਾਇਰਸ’ ਦਾ ਪਹਿਲਾ ਮਾਮਲਾ ਦਰਜ, ਬਾਂਦਰ ਦੇ ਕੱਟਣ ਨਾਲ ਵਿਅਕਤੀ ਦੀ ਹਾਲਤ ਗੰਭੀਰ

ਇੰਟਰਨੈਸ਼ਨਲ ਡੈਸਕ- ਹਾਂਗਕਾਂਗ ਵਿਚ ਬਾਂਦਰ ਵੱਲੋਂ ਕੱਟੇ ਜਾਣ ਮਗਰੋਂ ਘਾਤਕ ਵਾਇਰਸ ਹੋਣ ਤੋਂ ਬਾਅਦ ਇਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਂਗਕਾਂਗ ਵਿੱਚ ਸਿਹਤ ਵਿਭਾਗ ਦੀ ਇੱਕ ਏਜੰਸੀ, ਸੈਂਟਰ ਫਾਰ ਹੈਲਥ ਪ੍ਰੋਟੈਕਸ਼ਨ (CHP) ਦੇ ਇੱਕ ਬਿਆਨ ਅਨੁਸਾਰ, 37 ਸਾਲਾ ਵਿਅਕਤੀ ਨੂੰ ਫਰਵਰੀ ਦੇ ਅਖੀਰ ਵਿੱਚ ਹਾਂਗਕਾਂਗ ਦੇ ਕਾਮ ਸ਼ਾਨ ਕੰਟਰੀ ਪਾਰਕ ਵਿੱਚ ਜੰਗਲੀ ਬਾਂਦਰਾਂ ਨੇ ਕੱਟ ਲਿਆ ਸੀ ਅਤੇ ਉਸਨੂੰ 21 ਮਾਰਚ ਨੂੰ ਬੁਖਾਰ ਕਾਰਨ ਹਸਪਤਾਲ ਲਿਜਾਇਆ ਗਿਆ ਸੀ।
ਪਤਾ ਲੱਗਾ ਹੈ ਕਿ ਉਸਨੂੰ ਬੀ ਵਾਇਰਸ ਦਾ ਸੰਕਰਮਣ ਹੋ ਗਿਆ ਹੈ, ਜਿਸ ਨੂੰ ਮੰਕੀ ਬੀ ਵਾਇਰਸ ਜਾਂ ਹਰਪੀਸਵਾਇਰਸ ਸਿਮੀਆ ਵੀ ਕਿਹਾ ਜਾਂਦਾ ਹੈ, ਜੋ ਆਮ ਤੌਰ ‘ਤੇ ਬਾਂਦਰਾਂ ਦੇ ਥੁੱਕ, ਪਿਸ਼ਾਬ ਅਤੇ ਮਲ ਵਿੱਚ ਪਾਇਆ ਜਾਂਦਾ ਹੈ। ਸੀ.ਐੱਚ.ਪੀ. ਨੇ ਬੁੱਧਵਾਰ ਨੂੰ ਕਿਹਾ, “ਸੀ.ਐੱਚ.ਪੀ. ਦੀ ਪਬਲਿਕ ਹੈਲਥ ਲੈਬਾਰਟਰੀ ਸਰਵਿਸਿਜ਼ ਬ੍ਰਾਂਚ ਵੱਲੋਂ ਅੱਜ ਮਰੀਜ਼ ਦੇ ਸੇਰੇਬ੍ਰੋਸਪਾਈਨਲ ਤਰਲ ਨਮੂਨੇ ਵਿਚ ਬੀ ਵਾਇਰਸ ਦੀ ਪੁਸ਼ਟੀ ਕੀਤੀ ਗਈ।”
ਇਹ ਵਾਇਰਸ ਦਾ ਪਹਿਲਾ ਮਾਮਲਾ ਹੈ ਜੋ ਹਾਂਗਕਾਂਗ ਵਿੱਚ ਦਰਜ ਕੀਤਾ ਗਿਆ ਹੈ, ਪਰ ਇਹ ਬਿਮਾਰੀ ਪਹਿਲਾਂ ਅਮਰੀਕਾ, ਕੈਨੇਡਾ ਅਤੇ ਚੀਨ ਵਿੱਚ ਦੇਖੀ ਜਾ ਚੁੱਕੀ ਹੈ। ਸੀ.ਡੀ.ਸੀ. ਦੇ ਅਨੁਸਾਰ, 1932 ਅਤੇ 2019 ਦੇ ਵਿਚਕਾਰ ਸਿਰਫ 50 ਲੋਕ ਵਾਇਰਸ ਨਾਲ ਸੰਕਰਮਿਤ ਹੋਏ ਸਨ, ਜਿਨ੍ਹਾਂ ਵਿੱਚੋਂ 21 ਦੀ ਮੌਤ ਹੋ ਗਈ ਸੀ। ਇਨ੍ਹਾਂ ਨੂੰ ਬਾਂਦਰਾਂ ਨੇ ਕੱਟਿਆ ਸੀ ਜਾਂ ਨੋਚਿਆ ਸੀ।