ਕੰਗਨਾ ਰਣੌਤ ਨੂੰ ਟਿਕਟ ਮਿਲਣ ’ਤੇ ਬੋਲੇ ਮਹੇਸ਼ਵਰ– ਪਾਰਟੀ ਕਹੇਗੀ ਤਾਂ ਕੰਮ ਕਰਾਂਗੇ, ਹੋ ਸਕਦੈ ਸਾਡੀ ਲੋੜ ਹੀ ਨਾ ਪਵੇ

ਕੁੱਲੂ – ਸਾਬਕਾ ਸੰਸਦ ਮੈਂਬਰ ਮਹੇਸ਼ਵਰ ਸਿੰਘ ਨੇ ਕਿਹਾ ਕਿ ਲੋਕ ਸਭਾ ਚੋਣਾਂ ’ਚ ਪਾਰਟੀ ਕਹੇਗੀ ਤਾਂ ਅਸੀਂ ਕੰਮ ਕਰਾਂਗੇ। ਅਜਿਹਾ ਵੀ ਹੋ ਸਕਦਾ ਹੈ ਕਿ ਸਾਡੀ ਲੋੜ ਹੀ ਨਾ ਪਵੇ। ਪੱਤਰਕਾਰਾਂ ਨਾਲ ਗੱਲਬਾਤ ’ਚ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਉੱਪਰ ਤਜ਼ਰਬੇਕਾਰ, ਵਿਦਵਾਨ ਤੇ ਬੁੱਧੀਜੀਵੀ ਲੋਕ ਬੈਠੇ ਹਨ। ਕੰਗਨਾ ਨੂੰ ਟਿਕਟ ਦੇਣ ’ਤੇ ਉਨ੍ਹਾਂ ਕਿਹਾ ਕਿ ਪਾਰਟੀ ਨੇ ਜੋ ਕੁਝ ਕੀਤਾ, ਉਹ ਪੂਰੀ ਪੜਤਾਲ ਤੋਂ ਬਾਅਦ ਹੀ ਕੀਤਾ ਹੋਵੇਗਾ। ਸਾਨੂੰ ਵੀ ਰੋਜ਼ ਲੋਕਾਂ ਦੇ ਫੋਨ ਆਉਂਦੇ ਸਨ, ਸਰਵੇ ਹੁੰਦਾ ਹੈ। ਅਸੀਂ ਪਿੱਛੇ ਰਹੇ ਹੋਵਾਂਗੇ। ਮੈਂ ਕੋਈ ਕਿੰਤੂ-ਪ੍ਰੰਤੂ ਨਹੀਂ ਕਰਨੀ ਚਾਹੁੰਦਾ। ਹੁਣ ਸਮਾਂ ਬਦਲ ਗਿਆ ਹੈ। ਪਹਿਲਾਂ ਪਾਰਟੀ ਦਾ ਪਰਿਵਾਰ ਛੋਟਾ ਸੀ ਅਤੇ ਛੋਟੀਆਂ ਗੱਲਾਂ ਹੁੰਦੀਆਂ ਸਨ।
ਹੁਣ ਪਾਰਟੀ ਦਾ ਪਰਿਵਾਰ ਵੱਡਾ ਹੋ ਗਿਆ ਹੈ ਅਤੇ ਨੇਤਾ ਵੀ ਬਹੁਤ ਹੋ ਗਏ ਹਨ। ਅਜਿਹੀ ਹਾਲਤ ’ਚ ਜ਼ਿਆਦਾ ਸਰਵੇ ਕਰਦੇ ਹਨ। ਫਿਰ ਜਿਹੜਾ ਠੀਕ ਹੈ, ਉਸੇ ਨੂੰ ਟਿਕਟ ਦੇਣਗੇ। ਸਾਨੂੰ ਕੋਈ ਗਿਲਾ ਨਹੀਂ ਅਤੇ ਅਸੀਂ ਵਿਰੋਧ ਵੀ ਨਹੀਂ ਕਰਾਂਗੇ। ਪਾਰਟੀ ਜਿਸ ਤਰ੍ਹਾਂ ਕਹੇਗੀ, ਉਸੇ ਅਨੁਸਾਰ ਕੰਮ ਹੋਵੇਗਾ।