ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫ਼ਿਕੇਸ਼ਨ ਕੀਤੀ ਜਾਰੀ

ਨਵੀਂ ਦਿੱਲੀ- ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ‘ਚ 102 ਸੀਟਾਂ ਲਈ ਬੁੱਧਵਾਰ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤੀ ਹੈ। ਪਹਿਲੇ ਗੇੜ ਵਿਚ 19 ਅਪ੍ਰੈਲ ਨੂੰ 17 ਸੂਬਿਆਂ ਅਤੇ 4 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 102 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ‘ਚ ਤਾਮਿਲਨਾਡੂ ਦੀਆਂ 33, ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮੱਧ ਪ੍ਰਦੇਸ਼ ਦੀਆਂ 6, ਉੱਤਰਾਖੰਡ, ਅਸਾਮ ਅਤੇ ਮਹਾਰਾਸ਼ਟਰ ਦੀਆਂ 5-5, ਬਿਹਾਰ ਦੀਆਂ 4, ਪੱਛਮੀ ਬੰਗਾਲ ਦੀਆਂ 3, ਅਰੁਣਾਚਲ ਪ੍ਰਦੇਸ਼, ਮਨੀਪੁਰ ਅਤੇ ਮੇਘਾਲਿਆ ਦੀਆਂ 2-2 ਸੀਟਾਂ ਹਨ।
ਛੱਤੀਸਗੜ੍ਹ ਮਿਜ਼ੋਰਮ, ਨਾਗਾਲੈਂਡ, ਸਿੱਕਮ, ਤ੍ਰਿਪੁਰਾ, ਅਨਾਦਮਨ ਅਤੇ ਨਿਕੋਬਾਰ ਟਾਪੂ, ਜੰਮੂ ਅਤੇ ਕਸ਼ਮੀਰ, ਲਕਸ਼ਦੀਪ ਅਤੇ ਪੁਡੂਚੇਰੀ ਵਿਚ ਇਕ-ਇਕ ਸੀਟ ‘ਤੇ ਪਹਿਲੇ ਪੜਾਅ ਵਿਚ ਵੋਟਿੰਗ ਹੋਵੇਗੀ। ਨਾਮਜ਼ਦਗੀ ਇਸ ਮਹੀਨੇ ਦੀ 27 ਤਾਰੀਖ਼ ਤੱਕ ਭਰੇ ਜਾ ਸਕਦੇ ਹਨ। ਵੋਟਿੰਗ 19 ਅਪ੍ਰੈਲ ਨੂੰ ਹੋਵੇਗੀ। ਲੋਕ ਸਭਾ ਦੀਆਂ 543 ਸੀਟਾਂ ਲਈ ਆਮ ਚੋਣਾਂ 19 ਅਪ੍ਰੈਲ ਤੋਂ ਸ਼ੁਰੂ ਹੋ ਕੇ 7 ਗੇੜ ਵਿਚ ਹੋਣਗੀਆਂ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।