ਮੁਜ਼ੱਫਰਨਗਰ – ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਚਰਥਵਾਲ ਪੁਲਸ ਥਾਣਾ ਖੇਤਰ ‘ਚ ਇਕ ਵਿਅਕਤੀ ਨੇ ਨਾਬਾਲਗ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਇਸ ਦਾ ਵੀਡੀਓ ਬਣਾ ਕੇ ਆਨਲਾਈਨ ਪੋਸਟ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਖੇਤਰ ਅਧਿਕਾਰੀ ਰਾਜਕੁਮਾਰ ਸਾਵ ਨੇ ਦੱਸਿਆ ਕਿ ਵਸੀਮ ਨਾਂ ਦੇ ਇਸ ਵਿਅਕਤੀ ਨੇ 16 ਸਾਲਾ ਕੁੜੀ ਨਾਲ ਜਬਰ ਜ਼ਿਨਾਹ ਕੀਤਾ ਅਤੇ ਉਸ ਦਾ ਵੀਡੀਓ ਬਣਾ ਕੇ ਆਨਲਾਈਨ ਪੋਸਟ ਕੀਤਾ। ਉਨ੍ਹਾਂ ਦੱਸਿਆ ਕਿ ਪੁਲਸ ਨੇ ਪੀੜਤਾ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ‘ਤੇ ਦੋਸ਼ੀ ਵਿਅਕਤੀ ਖ਼ਿਲਾਫ਼ ਮੰਗਲਵਾਰ ਸ਼ਾਮ ਭਾਰਤੀ ਦੰਡਾਵਲੀ ਦੀ ਧਾਰਾ ਅਤੇ ਸੂਚਨਾ ਤਕਨਾਲੋਜੀ (ਆਈ.ਟੀ.) ਐਕਟ ਦੀਆਂ ਧਾਰਾਵਾਂ ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਹੈ।
ਸ਼ਿਕਾਇਤ ਅਨੁਸਾਰ ਇਹ ਘਟਨਾ ਕਰੀਬ 2 ਹਫ਼ਤੇ ਪਹਿਲਾਂ ਉਸ ਸਮੇਂ ਦੀ ਹੈ, ਜਦੋਂ ਕੁੜੀ ਕਿਸੇ ਕੰਮ ਕਾਰਨ ਖੇਤ ਗਈ ਸੀ। ਇਸ ‘ਚ ਕਿਹਾ ਗਿਆ ਹੈ ਕਿ ਦੋਸ਼ੀ ਪੀੜਤਾ ਨੂੰ ਜ਼ਬਰਦਸਤੀ ਗੰਨੇ ਦੇ ਖੇਤ ‘ਚ ਲੈ ਗਿਆ ਅਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਸ਼ਿਕਾਇਤ ਅਨੁਸਾਰ ਦੋਸ਼ੀ ਨੇ ਇਸ ਘਟਨਾ ਦਾ ਵੀਡੀਓ ਬਣਾ ਕੇ ਪੀੜਤਾ ਨੂੰ ਇਸ ਘਟਨਾ ਦੀ ਜਾਣਕਾਰੀ ਕਿਸੇ ਨੂੰ ਦੇਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਧਮਕੀ ਦੇ ਡਰੋਂ ਕੁੜੀ ਨੇ ਇਸ ਘਟਨਾ ਬਾਰੇ ਕਿਸੇ ਨੂੰ ਸ਼ਿਕਾਇਤ ਨਹੀਂ ਕੀਤੀ। ਹਾਲਾਂਕਿ ਜਦੋਂ ਵਸੀਮ ਨੇ ਇਹ ਵੀਡੀਓ ਵਾਇਰਲ ਕਰ ਦਿੱਤਾ ਤਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ ਪੁਲਸ ਨਾਲ ਸੰਪਰਕ ਕੀਤਾ। ਪੁਲਸ ਨੇ ਵਸੀਮ ਦਾ ਪਤਾ ਲਗਾਉਣ ਅਤੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਗਠਿਤ ਕੀਤੀਆਂ ਹਨ। ਵਸੀਮ ਫਰਾਰ ਹੈ।















