ਪ੍ਰਤਾਪ ਸਿੰਘ ਬਾਜਵਾ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਦਿੱਤੀ ਵਧਾਈ, ਬੱਚੇ ਦੀ ਲੰਬੀ ਉਮਰ ਦੀ ਕੀਤੀ ਕਾਮਨਾ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਨੇ ਪੁੱਤ ਨੂੰ ਜਨਮ ਦਿੱਤਾ ਹੈ। ਇਸ ਖ਼ੁਸ਼ੀ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਘਰ ਪਿਤਾ ਬਲਕੌਰ ਸਿੰਘ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਐਕਸ ‘ਤੇ ਲਿਖਿਆ ਹੈ ਕਿ ਸਰਦਾਰ ਬਲਕੌਰ ਸਿੰਘ ਜੀ ਦੇ ਘਰ ਪੁੱਤਰ ਹੋਣ ਦੀ ਖ਼ੁਸ਼ੀ ‘ਚ ਮੈਂ ਸਿੱਧੂ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ। ਮੈਂ ਪਰਮਾਤਮਾ ਅੱਗੇ ਬੱਚੇ ਦੀ ਲੰਬੀ ਉਮਰ ਅਤੇ ਪਰਿਵਾਰ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।
ਦੱਸਣਯੋਗ ਹੈ ਕਿ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ-ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ‘ਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ। ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।