T-20 ਵਰਲਡ ਕੱਪ ‘ਚੋਂ ਬਾਹਰ ਹੋ ਸਕਦੈ ਕੋਹਲੀ

ਸਰੀ: ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ T-20 ਵਿਸ਼ਵ ਕੱਪ ਲਈ ਚੁਣੀ ਗਈ ਭਾਰਤੀ ਟੀਮ ‘ਚੋਂ ਬਾਹਰ ਹੋ ਸਕਦਾ ਹੈ। ਦਾ ਟੈਲੀਗ੍ਰਾਫ਼ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰਾਸ਼ਟਰੀ ਚੋਣਕਾਰਾਂ ਅਤੇ ਟੀਮ ਪ੍ਰਬੰਧਕਾਂ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕੱਪ ਟੀਮ ਤੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ।
ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਸੀਜ਼ਨ ਇਸ 35 ਸਾਲਾ ਭਾਰਤੀ ਬੱਲੇਬਾਜ਼ ਲਈ ਆਖਰੀ ਮੌਕਾ ਹੈ, ਅਤੇ ਜੇਕਰ ਉਹ ਇਸ ਸੀਜ਼ਨ ‘ਚ ਬਿਹਤਰ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹਿੰਦਾ ਹੈ ਤਾਂ ਉਸ ਨੂੰ ਟੀਮ ‘ਚ ਰੱਖਣ ‘ਤੇ ਵਿਚਾਰ ਕੀਤਾ ਜਾ ਸਕਦਾ ਹੈ। ਉਹ ਪਿਛਲੇ ਦੋ ਮਹੀਨਿਆਂ ਤੋਂ ਬ੍ਰੇਕ ‘ਤੇ ਹੈ। ਕੋਹਲੀ ਨੇ T-20 ਵਿਸ਼ਵ ਕੱਪ ‘ਚ 131.30 ਦੀ ਸਟ੍ਰਾਈਕ ਰੇਟ ਨਾਲ 1,141 ਦੌੜਾਂ ਬਣਾਈਆਂ ਹਨ। ਕੋਹਲੀ ਦੀ ਗ਼ੈਰਹਾਜ਼ਰੀ ‘ਚ ਸੂਰਿਆਕੁਮਾਰ ਯਾਦਵ, ਸ਼ੁਭਮਨ ਗਿੱਲ ਅਤੇ ਰਿੰਕੂ ਸਿੰਘ ਵਰਗੇ ਬੱਲੇਬਾਜ਼ ਉਸ ਦੀ ਜਗ੍ਹਾ ਲੈ ਸਕਦੇ ਹਨ।
ਇੰਗਲੈਂਡ ਖ਼ਿਲਾਫ਼
ਨਹੀਂ ਸੀ ਖੇਡਿਆ
ਵਿਰਾਟ ਕੋਹਲੀ ਹਾਲ ਹੀ ‘ਚ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਸੀਰੀਜ਼ ‘ਚ ਭਾਰਤੀ ਟੀਮ ਦਾ ਹਿੱਸਾ ਨਹੀਂ ਸੀ। ਸੀਰੀਜ਼ ਤੋਂ ਪਹਿਲਾਂ ਹੀ ਉਸ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਰਾਸ਼ਟਰੀ ਡਿਊਟੀ ਤੋਂ ਛੁੱਟੀ ਲੈ ਲਈ ਸੀ। ਵਿਰਾਟ ਕੋਹਲੀ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 17 ਜਨਵਰੀ ਨੂੰ ਅਫ਼ਗ਼ਾਨਿਸਤਾਨ ਖ਼ਿਲਾਫ਼ ਖੇਡਿਆ ਸੀ।
ਕੋਹਲੀ ਦੀ ਭੂਮਿਕਾ
ਸ਼ਾਹ ਕਰੇਗਾ ਤੈਅ
ਕੁੱਝ ਦਿਨ ਪਹਿਲਾਂ BCCI ਸਕੱਤਰ ਜੈ ਸ਼ਾਹ ਨੇ ਇੱਕ ਪ੍ਰੋਗਰਾਮ ‘ਚ ਕਿਹਾ ਸੀ ਕਿ ਰੋਹਿਤ ਸ਼ਰਮਾ T-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦੀ ਕਪਤਾਨੀ ਕਰੇਗਾ। ਉਸ ਨੇ ਇਹ ਵੀ ਕਿਹਾ ਸੀ ਕਿ ਆਉਣ ਵਾਲੇ ਸਮੇਂ ‘ਚ ਉਹ ਖ਼ੁਦ ਵਿਰਾਟ ਕੋਹਲੀ ਦੀ ਭੂਮਿਕਾ ਤੈਅ ਕਰੇਗਾ।