ਨੀਤਾ ਅੰਬਾਨੀ ਨੂੰ ਮਿਸ ਵਰਲਡ ਈਵੈਂਟ ਚ ਮਿਲਿਆ ਹਿਊਮੈਨਿਟੇਰੀਅਨ ਐਵਾਰਡ

71ਵੀਂ ਮਿਸ ਵਰਲਡ ਜੇਤੂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਾਰ ਇਹ ਖ਼ਿਤਾਬ ਚੈੱਕ ਗਣਰਾਜ ਦੀ ਕ੍ਰਿਸਟੀਨਾ ਪਿਸਜ਼ਕੋਵਾ ਦੇ ਨਾਂ ਗਿਆ ਜਦੋਂ ਕਿ ਲੈਬਨਾਨ ਦੀ ਯਾਸਮੀਨਾ ਫ਼ਸਟ ਰਨਰ ਅੱਪ ਬਣੀ। 28 ਸਾਲਾਂ ਬਾਅਦ ਭਾਰਤ ਨੇ ਜੀਓ ਵਰਲਡ ਸੈਂਟਰ ‘ਚ ਇਸ ਸ਼ਾਨਦਾਰ ਈਵੈਂਟ ਦੀ ਮੇਜ਼ਬਾਨੀ ਕੀਤੀ। ਇਸ ਦੇ ਨਾਲ ਹੀ ਭਾਰਤ ਦੀ ਨੁਮਾਇੰਦਗੀ ਕਰ ਰਹੀ ਸਿਨੀ ਸ਼ੈੱਟੀ ਨੇ ਟੌਪ ਅੱਠ ‘ਚ ਜਗ੍ਹਾ ਬਣਾਈ ਅਤੇ ਉਸ ਤੋਂ ਬਾਅਦ ਉਹ ਮੁਕਾਬਲੇ ‘ਚੋਂ ਬਾਹਰ ਹੋ ਗਈ। ਸਾਲ 2000 ‘ਚ ਮਿਸ ਵਰਲਡ ਦਾ ਖ਼ਿਤਾਬ ਜਿੱਤਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਵੀ ਇਸ ਈਵੈਂਟ ‘ਚ ਇੱਕ ਖ਼ਾਸ ਮੈਸੇਜ ਦਿੱਤਾ। ਇਸ ਵੀਡੀਓ ‘ਚ ਉਸ ਨੇ ਮਿਸ ਵਰਲਡ ਔਰਗੇਨਾਈਜ਼ੇਸ਼ਨ ਦੀ ਪ੍ਰਧਾਨ ਅਤੇ CEO ਜੂਲੀਆ ਮੋਰਲੇ ਅਤੇ ਨੀਤਾ ਅੰਬਾਨੀ ਦੀ ਤਾਰੀਫ਼ ਕੀਤੀ।
ਪ੍ਰਿਅੰਕਾ ਦਾ ਵੀਡੀਓ
ਮਿਸ ਵਰਲਡ 2024 ਦੇ ਮੰਚ ‘ਤੇ ਪ੍ਰਿਅੰਕਾ ਚੋਪੜਾ ਦਾ ਇੱਕ ਵੀਡੀਓ ਦਿਖਾਇਆ ਗਿਆ ਜਿਸ ‘ਚ ਉਸ ਨੇ ਕਿਹਾ, “ਮਕਸਦ ਇੱਕ ਅਜਿਹਾ ਸ਼ਬਦ ਹੈ ਜੋ ਮੇਰੇ ਨਿੱਜੀ ਅਨੁਭਵਾਂ ਕਾਰਨ ਮੇਰੇ ਲਈ ਬਹੁਤ ਮਾਅਨੇ ਰੱਖਦਾ ਹੈ। ਮੈਂ ਆਪਣੀ ਮਾਂ ਡਾ. ਮਧੂ ਚੋਪੜਾ ਅਤੇ ਪਿਤਾ ਨੂੰ ਨਾ ਸਿਰਫ਼ ਭਾਰਤੀ ਫ਼ੌਜ ‘ਚ ਇੱਕ ਡਾਕਟਰ ਵਜੋਂ ਆਪਣੀਆਂ ਡਿਊਟੀਆਂ ਨਿਭਾਉਂਦਿਆਂ ਦੇਖਿਐ ਸਗੋਂ ਲੋੜਵੰਦ ਲੋਕਾਂ ਦੀ ਮਦਦ ਲਈ ਆਪਣੇ ਗਿਆਨ, ਅਹੁਦੇ ਅਤੇ ਪ੍ਰਤਿਭਾ ਦੀ ਵਰਤੋਂ ਕਰਦੇ ਵੀ ਦੇਖਿਆ ਹੈ।”
ਇੱਕ ਗਲੋਬਲ ਆਈਕੌਨ ਪ੍ਰਿਅੰਕਾ ਚੋਪੜਾ ਨੇ ਅੱਗੇ ਕਿਹਾ, “ਮੈਨੂੰ ਉਹ ਅਣਗਿਣਤ ਘੰਟੇ ਯਾਦ ਹਨ ਜੋ ਮੈਂ ਅਤੇ ਮੇਰਾ ਭਰਾ ਇੰਤਜ਼ਾਰ ਕਰਦੇ ਹੋਇਆਂ ਬਿਤਾਉਂਦੇ ਸਾਂ, ਜਦੋਂ ਸਾਡੇ ਪਿਤਾ ਆਪਣੀ ਛੁੱਟੀ ਦੀ ਵਰਤੋਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਕੀਤੀ ਜਿਨ੍ਹਾਂ ਕੋਲ ਸਹੀ ਡਾਕਟਰੀ ਦੇਖਭਾਲ ਨਹੀਂ ਸੀ ਪਹੁੰਚ ਸਕਦੀ। ਮੈਂ ਉਨ੍ਹਾਂ ਔਰਤਾਂ ‘ਚ ਆਪਣੀ ਯਾਤਰਾ ਜਾਰੀ ਰੱਖਣ ਲਈ ਬਹੁਤ ਭਾਗਸ਼ਾਲੀ ਰਹੀ ਹਾਂ ਜਿਨ੍ਹਾਂ ਨੇ ਨਾਰੀਵਾਦ ਨੂੰ ਮੁੜ ਪਰਿਭਾਸ਼ਿਤ ਕੀਤਾ। ਉਨ੍ਹਾਂ ਦੀ ਸ਼ਕਤੀ, ਉਨ੍ਹਾਂ ਦੀ ਸੁੰਦਰਤਾ ਤੇ ਸੰਸਾਰ ਨੂੰ ਬਦਲਣ ਦੀ ਉਨ੍ਹਾਂ ਦੀ ਯੋਗਤਾ।”
ਅੰਬਾਨੀ ਦੀ ਤਾਰੀਫ਼
ਇਸ ਦੇ ਨਾਲ ਹੀ ਪ੍ਰਿਅੰਕਾ ਨੇ ਨੀਤਾ ਅੰਬਾਨੀ ਦੀ ਵੀ ਕਾਫ਼ੀ ਤਾਰੀਫ਼ ਕੀਤੀ। 71ਵੇਂ ਮਿਸ ਵਰਲਡ 2024 ‘ਚ ਨੀਤਾ ਅੰਬਾਨੀ ਨੂੰ ਹਿਊਮੈਨਟੇਰੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਜਿਹੇ ‘ਚ ਪ੍ਰਿਅੰਕਾ ਨੇ ਉਸ ਦੀ ਤਾਰੀਫ਼ ਕਰਦੇ ਹੋਏ ਕਿਹਾ, “ਮੈਨੂੰ ਪਿਛਲੇ ਕੁੱਝ ਸਾਲਾਂ ਤੋਂ ਨੀਤਾ ਅੰਬਾਨੀ ਨੂੰ ਜਾਣਨ ਦਾ ਸੁਭਾਗ ਮਿਲਿਆ ਹੈ। ਇਹ ਉਹ ਔਰਤ ਹੈ ਜਿਸ ਦੀ ਮੈਂ ਹਰ ਚੀਜ਼ ਲਈ ਪ੍ਰਸ਼ੰਸਾ ਕਰ ਸਕਦੀ ਹਾਂ। ਸਾਲਾਂ ਦੌਰਾਨ, ਮੈਂ ਉਸ ਦੇ ਵੱਖ-ਵੱਖ ਯਤਨਾਂ ਦੁਆਰਾ ਚੀਜ਼ਾਂ ‘ਤੇ ਉਸ ਦਾ ਡੂੰਘਾ ਪ੍ਰਭਾਵ ਦੇਖਿਆ ਹੈ। ਉਹ ਭਾਰਤ ਦੀ ਕਲਾ ਦੀ ਇੱਕ ਸਮਰਥਕ ਅਤੇ ਰੱਖਿਅਕ ਹੈ।”