ਇਸਲਾਮਾਬਾਦ – ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਕਥਿਤ ਚੋਣ ਧਾਂਦਲੀ ਵਿਚ ਸਰਕਾਰੀ ਅਧਿਕਾਰੀਆਂ ਅਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਲਈ ਉਨ੍ਹਾਂ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਵਿਆਪਕ ਮੁਹਿੰਮ ਚਲਾਏ ਜਾਣ ਮਗਰੋਂ ਇਕ ਸੰਯੁਕਤ ਜਾਂਚ ਦਲ (ਜੇ.ਆਈ.ਟੀ) ਦਾ ਗਠਨ ਕੀਤਾ ਹੈ, ਜਿਸ ਵਿਚ ਖ਼ੁਫੀਆ ਏਜੰਸੀ ਆਈ.ਐੱਸ.ਆਈ. ਦੇ ਅਧਿਕਾਰੀ ਵੀ ਸ਼ਾਮਲ ਹਨ। ਮੀਡੀਆ ਵਿਚ ਵੀਰਵਾਰ ਨੂੰ ਆਈਆਂ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਖ਼ਬਰਾਂ ਮੁਤਾਬਕ ਜੇ.ਆਈ.ਟੀ. ਨੂੰ 15 ਦਿਨਾਂ ਵਿਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।
ਇਹ ਸਰਕਾਰੀ ਅਧਿਕਾਰੀਆਂ ਅਤੇ ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਦੇ ਅਧਿਕਾਰੀਆਂ ‘ਤੇ ਦੋਸ਼ ਲਗਾਉਣ ਵਾਲਿਆਂ ਤੋਂ ਪੁੱਛਗਿੱਛ ਕਰੇਗਾ। ਦੋਸ਼ੀਆਂ ਦੀ ਪਛਾਣ ਤੋਂ ਬਾਅਦ ਸਬੰਧਤ ਕਾਨੂੰਨਾਂ ਤਹਿਤ ਉਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਵੇਗਾ। ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਨੇ ਸਰਕਾਰੀ ਅਧਿਕਾਰੀਆਂ ਅਤੇ ਚੋਣ ਕਮਿਸ਼ਨ ਦੇ ਅਧਿਕਾਰੀਆਂ ‘ਤੇ ਚੋਣਾਂ ਵਿਚ ਧਾਂਦਲੀ ਦੇ ਦੋਸ਼ ਲਗਾਏ ਹਨ।
ਖ਼ਬਰ ਵਿਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲਾ ਦੇ ਇੱਕ ਨੋਟੀਫਿਕੇਸ਼ਨ ਅਨੁਸਾਰ, ਜੇ.ਆਈ.ਟੀ. ਦਾ ਗਠਨ ਇਲੈਕਟ੍ਰਾਨਿਕ ਕ੍ਰਾਈਮਜ਼ ਐਕਟ (PECA) 2016 ਦੀ ਧਾਰਾ 30 ਦੇ ਤਹਿਤ ਕੀਤਾ ਗਿਆ ਹੈ ਅਤੇ ਇਸਦੀ ਅਗਵਾਈ ਸੰਘੀ ਜਾਂਚ ਏਜੰਸੀ (ਐੱਫ.ਆਈ.ਏ.) ਦੇ ਇੱਕ ਵਧੀਕ ਡਾਇਰੈਕਟਰ ਜਨਰਲ ਵੱਲੋਂ ਕੀਤੀ ਜਾਵੇਗੀ।’ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਜੇ.ਆਈ.ਟੀ. ਦੇ ਹੋਰ ਮੈਂਬਰ ਇੰਟਰ-ਸਰਵਿਸ ਇੰਟੈਲੀਜੈਂਸ (ਆਈ.ਐੱਸ.ਆਈ.), ਇੰਟੈਲੀਜੈਂਸ ਬਿਊਰੋ (ਆਈ.ਬੀ.), ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ (ਨਾਦਰਾ) ਅਤੇ ਪਾਕਿਸਤਾਨ ਦੂਰਸੰਚਾਰ ਅਥਾਰਟੀ (ਪੀ.ਟੀ.ਏ.) ਤੋਂ ਹੋਣਗੇ।















