ਚੋਣਾਵੀ ਬਾਂਡ ‘ਤੇ SC ਦਾ ਫ਼ੈਸਲੇ ਦਾ ਸਵਾਗਤ, ਵੋਟ ਦੀ ਤਾਕਤ ਹੋਰ ਮਜ਼ਬੂਤ ਹੋਵੇਗੀ: ਕਾਂਗਰਸ

ਨਵੀਂ ਦਿੱਲੀ- ਕਾਂਗਰਸ ਨੇ ਚੋਣਾਵੀ ਬਾਂਡ ਯੋਜਨਾ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕਾਂਗਰਸ ਨੇ ਕਿਹਾ ਕਿ ਇਹ ਫ਼ੈਸਲਾ ਨੋਟ ਦੇ ਮੁਕਾਬਲੇ ਵੋਟ ਦੀ ਤਾਕਤ ਨੂੰ ਹੋਰ ਮਜ਼ਬੂਤ ਕਰੇਗਾ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਉਮੀਦ ਵੀ ਜਤਾਈ ਕਿ ਸੁਪਰੀਮ ਕੋਰਟ ਇਸ ਗੱਲ ‘ਤੇ ਧਿਆਨ ਦੇਵੇਗਾ ਕਿ ਚੋਣ ਕਮਿਸ਼ਨ ‘ਵੋਟਰ ਵੈਰੀਫਾਈਬਲ ਪੇਪਰ ਆਡਿਟ ਟਰੇਲ’ (ਵੀ.ਵੀ.ਪੀ.ਏ.ਟੀ.) ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੂੰ ਮਿਲਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ। ਸੁਪਰੀਮ ਕੋਰਟ ਨੇ ਚੋਣਾਵੀ ਬਾਂਡ ਯੋਜਨਾ ਨੂੰ ਸੂਚਨਾ ਦਾ ਅਧਿਕਾਰ ਕਾਨੂੰਨ ਅਤੇ ਆਜ਼ਾਦੀ ਦੇ ਪ੍ਰਗਟਾਵੇ ਦਾ ਉਲੰਘਣ ਕਰਾਰ ਦਿੱਤਾ ਹੈ।
ਰਮੇਸ਼ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਪੋਸਟ ਕੀਤਾ ਕਿ ਸੁਪਰੀਮ ਕੋਰਟ ਨੇ ਮੋਦੀ ਸਰਕਾਰ ਦੀ ਬਹੁ-ਪ੍ਰਚਾਰਿਤ ਚੋਣਾਵੀ ਬਾਂਡ ਯੋਜਨਾ ਨੂੰ ਸੰਸਦ ਵਲੋਂ ਪਾਸ ਕਾਨੂੰਨਾਂ ਨਾਲ ਭਾਰਤ ਦੇ ਸੰਵਿਧਾਨ ਦਾ ਵੀ ਉਲੰਘਣ ਮੰਨਿਆ ਹੈ। ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਫ਼ੈਸਲਾ ਬੇਹੱਦ ਸਵਾਗਤ ਯੋਗ ਹੈ ਅਤੇ ਇਹ ਨੋਟ ‘ਤੇ ਵੋਟ ਦੀ ਸ਼ਕਤੀ ਨੂੰ ਮਜ਼ਬੂਤ ਕਰੇਗਾ।
ਰਮੇਸ਼ ਨੇ ਕਿਹਾ ਕਿ ਸਾਨੂੰ ਇਹ ਵੀ ਉਮੀਦ ਹੈ ਕਿ ਸੁਪਰੀਮ ਕੋਰਟ ਇਸ ਗੱਲ ਦਾ ਵੀ ਨੋਟਿਸ ਲਵੇਗੀ ਕਿ ਚੋਣ ਕਮਿਸ਼ਨ ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟਰੇਲ (ਵੀ.ਵੀ.ਪੀ.ਏ.ਟੀ.) ਦੇ ਮੁੱਦੇ ‘ਤੇ ਸਿਆਸੀ ਪਾਰਟੀਆਂ ਨੂੰ ਮਿਲਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ। ਜੇਕਰ ਵੋਟਿੰਗ ਪ੍ਰਕਿਰਿਆ ‘ਚ ਸਭ ਕੁਝ ਪਾਰਦਰਸ਼ੀ ਹੈ ਤਾਂ ਫਿਰ ਇੰਨੀ ਜ਼ਿੱਦ ਕਿਉਂ?” ਕਾਂਗਰਸ ਦੇ ਸੀਨੀਅਰ ਨੇਤਾ ਅਤੇ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ‘ਐਕਸ’ ‘ਤੇ ਪੋਸਟ ਕੀਤਾ, “ਚੋਣ ਬਾਂਡ ਨੂੰ ਗੈਰ-ਸੰਵਿਧਾਨਕ ਰੱਖਣ ਵਾਲੇ ਸੁਪਰੀਮ ਕੋਰਟ ਦਾ ਫੈਸਲਾ ਇਤਿਹਾਸਕ ਅਤੇ ਸਵਾਗਤਯੋਗ ਹੈ।”