ਤਰਨਤਾਰਨ – ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਬਣਾਉਂਦੇ ਹੋਏ ਡਰੋਨ ਦੀ ਮਦਦ ਨਾਲ ਨਾਜਾਇਜ਼ ਹਥਿਆਰ ਅਤੇ ਹੋਰ ਸਾਮਾਨ ਮੰਗਵਾਉਣ ਵਾਲੇ 2 ਮੁਲਜ਼ਮਾਂ ਨੂੰ ਜ਼ਿਲਾ ਪੁਲਸ ਵਲੋਂ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਪਾਸੋਂ 3 ਨਾਜਾਇਜ਼ ਗਲੌਕ ਪਿਸਤੌਲ 9 ਐੱਮ. ਐੱਮ. ਸਣੇ 9 ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਕਰਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਸ ਨੇ ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਮਾਮਲਾ ਦਰਜ ਕਰਦੇ ਹੋਏ ਗ੍ਰਿਫਤਾਰ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।
ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲੇ ਦੇ ਐੱਸ. ਐੱਸ. ਪੀ. ਅਸ਼ਵਨੀ ਕਪੂਰ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਤਰਨਤਰਨ ਦੀ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਟੀ-ਪੁਆਇੰਟ ਚੀਮਾਂ ਵਿਖੇ ਨਾਕਾਬੰਦੀ ਦੌਰਾਨ ਇਕ ਮੋਟਰਸਾਈਕਲ ’ਤੇ ਸਵਾਰ ਬਲਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਕੁਲਵੰਤ ਸਿੰਘ ਵਾਸੀ ਨੌਸ਼ਹਿਰਾ ਢਾਲਾ ਅਤੇ ਯਾਦਵਿੰਦਰ ਸਿੰਘ ਉਰਫ ਯਾਦੂ ਪੁੱਤਰ ਗੁਰਮੀਤ ਸਿੰਘ ਵਾਸੀ ਨੂੰ ਨੌਸ਼ਹਿਰਾ ਢਾਲਾ ਦੀ ਤਲਾਸ਼ੀ ਲੈਣ ਉਪਰੰਤ ਉਨ੍ਹਾਂ ਪਾਸੋਂ 3 ਨਾਜਾਇਜ਼ ਗਲੌਕ ਪਿਸਤੌਲ 9 ਐੱਮ. ਐੱਮ. ਸਣੇ 9 ਰੌਂਦ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਸ਼ੁਰੂ ਕੀਤੀ ਗਈ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਸਮੱਗਲਰ ਪਾਕਿਸਤਾਨ ’ਚ ਬੈਠੇ ਸਮੱਗਲਰਾਂ ਨਾਲ ਸਬੰਧ ਬਣਾਉਂਦੇ ਹੋਏ ਡਰੋਨ ਦੀ ਮਦਦ ਨਾਲ ਨਾਜਾਇਜ਼ ਹਥਿਆਰਾਂ ਦਾ ਕਾਰੋਬਾਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਪਹਿਲਾਂ ਹਥਿਆਰਾਂ ਦੀਆਂ ਕਿੰਨੀਆਂ ਖੇਪਾਂ ਪਾਕਿਸਤਾਨ ਵਲੋਂ ਡਰੋਨ ਦੀ ਮਦਦ ਨਾਲ ਮੰਗਵਾ ਚੁੱਕੇ ਹਨ।















