ਰਾਹੁਲ ਗਾਂਧੀ ਦਾ ਦਾਅਵਾ- ਝੂਠ ਬੋਲਦੇ ਹਨ PM ਮੋਦੀ, OBC ਪਰਿਵਾਰ ‘ਚ ਨਹੀਂ ਹੋਏ ਪੈਦਾ

ਓਡੀਸ਼ਾ- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਹੋਰ ਪਿੱਛੜਾ ਵਰਗ (OBC) ਨਾਲ ਸਬੰਧ ਰੱਖਣ ਵਾਲੇ ਪਰਿਵਾਰ ਵਿਚ ਨਹੀਂ ਹੋਇਆ ਅਤੇ ਉਹ ਖ਼ੁਦ ਨੂੰ OBC ਦੱਸ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਜਨਮ ਅਜਿਹੇ ਪਰਿਵਾਰ ਵਿਚ ਹੋਇਆ ਹੈ, ਜੋ ਜਨਰਲ ਸ਼੍ਰੇਣੀ ‘ਚ ਆਉਂਦਾ ਹੈ।
ਰਾਹੁਲ ਨੇ ਅੱਗੇ ਕਿਹਾ ਕਿ ਮੋਦੀ ਜੀ ਲੋਕਾਂ ਨੂੰ ਇਹ ਆਖ ਕੇ ਗੁੰਮਰਾਹ ਕਰਦੇ ਆ ਰਹੇ ਹਨ ਕਿ ਉਹ ਹੋਰ ਪਿੱਛੜਾ ਵਰਗ ਤੋਂ ਹਨ। ਪ੍ਰਧਾਨ ਮੰਤਰੀ ਦਾ ਜਨਮ ਤੇਲੀ ਜਾਤੀ ਵਿਚ ਹੋਇਆ ਸੀ, ਜਿਸ ਨੂੰ 2000 ‘ਚ ਗੁਜਰਾਤ ‘ਚ ਭਾਜਪਾ ਪਾਰਟੀ ਸਰਕਾਰ ਦੇ ਕਾਰਜਕਾਲ ਦੌਰਾਨ OBC ਵਿਚ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਮੋਦੀ ਜੀ ਜਨਮ ਤੋਂ OBC ਨਹੀਂ ਹਨ।
ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ OBC ਨਾਲ ਜੁੜੇ ਲੋਕਾਂ ਨਾਲ ਹੱਥ ਤੱਕ ਨਹੀਂ ਮਿਲਾਉਂਦੇ, ਉੱਥੇ ਹੀ ਅਰਬਪਤੀਆਂ ਨੂੰ ਗਲ਼ ਨਾਲ ਲਾਉਂਦੇ ਹਨ। ਰਾਹੁਲ ਗਾਂਧੀ ਨੇ ਓਡੀਸ਼ਾ ਵਿਚ ਪੁਰਾਣੇ ਬੱਸ ਅੱਡੇ ਤੋਂ ‘ਭਾਰਤ ਜੋੜੋ ਨਿਆਂ ਯਾਤਰਾ’ ਫਿਰ ਤੋਂ ਸ਼ੁਰੂ ਕੀਤੀ ਅਤੇ ਇਕ ਖੁੱਲ੍ਹੀ ਜੀਪ ‘ਚ ਕਿਸਾਨ ਚੌਕ ਵੱਲ ਵਧੇ। ਉਨ੍ਹਾਂ ਨਾਲ ਪਾਰਟੀ ਨੇਤਾ ਅਜੇ ਕੁਮਾਰ ਅਤੇ ਸ਼ਰਤ ਪਟਨਾਇਕ ਵੀ ਸਨ।