ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿੰਨਰ ਭਾਈਚਾਰੇ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੀਆਂ ਬੱਸਾਂ ਵਿਚ ਹੁਣ ਕਿੰਨਰ ਭਾਈਚਾਰੇ ਦੇ ਲੋਕ ਵੀ ਮੁਫ਼ਤ ਵਿਚ ਯਾਤਰਾ ਕਰ ਸਕਣਗੇ। ਦੱਸ ਦੇਈਏ ਕਿ ਦਿੱਲੀ ਦੀਆਂ ਬੱਸਾਂ ਵਿਚ ਪਹਿਲਾਂ ਔਰਤਾਂ ਹੀ ਮੁਫ਼ਤ ਸਫ਼ਰ ਕਰਦੀਆਂ ਸਨ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕਰ ਕੇ ਇਸ ਦਾ ਐਲਾਨ ਕੀਤਾ ਹੈ।
ਕੇਜਰੀਵਾਲ ਨੇ ਟਵੀਟ ਕੀਤਾ ਕਿ ਸਾਡੇ ਸਮਾਜਿਕ ਮਾਹੌਲ ‘ਚ ਕਿੰਨਰ ਭਾਈਚਾਰਾ ਬਹੁਤ ਹੱਦ ਤੱਕ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ, ਉਹ ਵੀ ਇਨਸਾਨ ਹਨ ਅਤੇ ਉਨ੍ਹਾਂ ਦੇ ਵੀ ਬਰਾਬਰ ਦੇ ਅਧਿਕਾਰ ਹਨ। ਦਿੱਲੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹੁਣ ਕਿੰਨਰ ਭਾਈਚਾਰੇ ਲਈ ਵੀ ਦਿੱਲੀ ਦੀਆਂ ਬੱਸਾਂ ‘ਚ ਸਫਰ ਇਕਦਮ ਮੁਫਤ ਹੋਵੇਗਾ। ਜਲਦੀ ਹੀ ਇਸ ਨੂੰ ਕੈਬਨਿਟ ਵੱਲੋਂ ਪਾਸ ਕਰਕੇ ਲਾਗੂ ਕਰ ਦਿੱਤਾ ਜਾਵੇਗਾ। ਮੈਨੂੰ ਪੂਰੀ ਉਮੀਦ ਹੈ ਕਿ ਇਸ ਫੈਸਲੇ ਨਾਲ ਕਿੰਨਰ ਭਾਈਚਾਰੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।
ਕੇਜਰੀਵਾਲ ਨੇ ਕਿਹਾ ਕਿ ਕਿਸੀ ਵੀ ਸਰਕਾਰ ਨੇ ਪਿਛਲੇ 75 ਸਾਲਾਂ ਵਿਚ ਕਿੰਨਰ ਸਮਾਜ ਲਈ ਕੋਈ ਕੰਮ ਨਹੀਂ ਕੀਤਾ। ਅੱਜ ਮੈਨੂੰ ਦੱਸਦੇ ਹੋਏ ਵੱਡੀ ਖੁਸ਼ੀ ਹੋ ਰਹੀ ਹੈ ਦਿੱਲੀ ਸਰਕਾਰ ਨੇ ਕਿੰਨਰ ਸਮਾਜ ਲਈ ਬਹੁਤ ਵੱਡਾ ਫ਼ੈਸਲਾ ਲਿਆ ਹੈ। ਅਸੀਂ ਫੈਸਲਾ ਕੀਤਾ ਹੈ ਕਿ ਕਿੰਨਰ ਭਾਈਚਾਰੇ ਦੇ ਲੋਕਾਂ ਲਈ ਦਿੱਲੀ ਬੱਸਾਂ ਵਿੱਚ ਮੁਫਤ ਸਫਰ ਦੀ ਵਿਵਸਥਾ ਕੀਤੀ ਜਾਵੇਗੀ। ਜਿਸ ਤਰ੍ਹਾਂ ਅਸੀਂ ਔਰਤਾਂ ਨੂੰ ਮੁਫਤ ਯਾਤਰਾ ਦਿੰਦੇ ਹਾਂ, ਉਸੇ ਤਰ੍ਹਾਂ ਕਿੰਨਰ ਭਾਈਚਾਰੇ ਦੇ ਸਾਰੇ ਲੋਕਾਂ ਨੂੰ ਮੁਫਤ ਯਾਤਰਾ ਦਿੱਤੀ ਜਾਵੇਗੀ। ਇਕ ਵਾਰ ਕੈਬਨਿਟ ਦੇ ਫੈਸਲੇ ਨੂੰ ਨੋਟੀਫਾਈ ਕਰਨ ਤੋਂ ਬਾਅਦ ਇਹ ਸਹੂਲਤ ਜਲਦੀ ਤੋਂ ਜਲਦੀ ਚਾਲੂ ਹੋ ਜਾਵੇਗੀ। ਅਸੀਂ ਅਗਲੇ ਕੁਝ ਹਫ਼ਤਿਆਂ ਵਿਚ ਇਸਨੂੰ ਲਾਗੂ ਕਰ ਦੇਵਾਂਗੇ।















