ਧਿਆਨਚੰਦ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਨੂੰ ਲੈ ਕੇ ਹੋਵੇਗਾ ਪ੍ਰਦਰਸ਼ਨ

sports-news-300x150ਨਵੀਂ ਦਿੱਲੀ: ਹਾਕੀ ਦੇ ਜਾਦੂਗਰ ਦੇ ਨਾਂ ਨਾਲ ਮਸ਼ਹੂਰ ਮੇਜਰ ਧਿਆਨਚੰਦ ਨੂੰ ਦੇਸ਼ ਦੇ ਸਰਵਉੱਤਮ ਸ਼ਹਿਰੀ ਸਨਮਾਨ ‘ਭਾਰਤ ਰਤਨ’ ਦੇਣ ਦੀ ਮੰਗ ਨੂੰ ਲੈ ਕੇ 28 ਅਗਸਤ ਨੂੰ ਜੰਤਰ ਮੰਤਰ ਵਿਖੇ ਦੇਸ਼ ਦੇ ਕਈ ਮਹਾਨ ਹਾਕੀ ਖਿਡਾਰੀ ਪ੍ਰਦਰਸ਼ਨ ਕਰਨਗੇ। ਮੇਜਰ ਧਿਆਨਚੰਦ ਦਾ ਜਨਮ ਦਿਨ 29 ਅਗਸਤ ਨੂੰ ਪੂਰੇ ਦੇਸ਼ ‘ਚ ‘ਖੇਡ ਦਿਵਸ’ ਦੇ ਤੌਰ ‘ਤੇ ਮਨਾਇਆ ਜਾਂਦਾ ਹੈ ਅਤੇ ਇਸੇ ਦਿਨ ਰਾਸ਼ਟਰਪਤੀ ਵੱਲੋਂ ‘ਰਾਜੀਵ ਗਾਂਧੀ ਖੇਡ ਰਤਨ’ ਅਤੇ  ‘ਅਰਜੁਨ ਪੁਰਸਕਾਰ’ ਰਾਸ਼ਟਰਪਤੀ ਭਵਨ ‘ਚ ਦਿੱਤੇ ਜਾਂਦੇ ਹਨ। ਮੇਜਰ ਧਿਆਨਚੰਦ ਨੈਸ਼ਨਲ ਸਟੇਡੀਅਮ ‘ਚ ਵੀ ਉਨ੍ਹਾਂ ਦੀ ਯਾਦ ‘ਚ ਇੱਕ ਸਮਾਰੋਹ ਹੁੰਦਾ ਹੈ।
ਰਾਜਸਭਾ ਸੰਸਦ ਮੈਂਬਰ, ਸਾਬਕਾ ਖਿਡਾਰੀ ਦਿਲੀਪ ਟਿਰਕੀ, ਮੇਜਰ ਧਿਆਨਚੰਦ ਦੇ ਬੇਟੇ ਅਤੇ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਅਸ਼ੋਕ ਕੁਮਾਰ ਜੰਤਰ ਮੰਤਰ ‘ਤੇ ਇਸ ਪ੍ਰਦਰਸ਼ਨ ਦਾ ਆਯੋਜਨ ਕਰ ਰਹੇ ਹਨ। ਟਿਰਕੀ ਅਤੇ ਅਸ਼ੋਕ ਕੁਮਾਰ ਦਾ ਕਹਿਣਾ ਹੈ ਕਿ ਭਾਰਤ ਦੇ ਮਹਾਨ ਹਾਕੀ ਖਿਡਾਰੀ ਧਿਆਨਚੰਦ ਨੂੰ ਭਾਰਤ ਰਤਨ ਲਈ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਇਸ ਸਾਲ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਇਸ ਮੰਗ ਨੂੰ ਉਠਾਉਣਾ ਹੈ ਕਿ ਉਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇ।