ਪੈਰਿਸ: ਫ਼ਰਾਂਸੀਸੀ ਟੈਨਿਸ ਸੰਘ ਨੇ ਆਪਣੇ ਦੇਸ਼ ਦੇ ਚੋਟੀ ਦੇ ਮਹਿਲਾ ਅਤੇ ਪੁਰਸ਼ ਟੈਨਿਸ ਖਿਡਾਰੀਆਂ ‘ਤੇ ਰੀਓ ਓਲੰਪਿਕ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਫ਼ਰਾਂਸੀਸੀ ਟੈਨਿਸ ਸੰਘ ਨੇ ਫ਼ਰਾਂਸ ਦੀ ਨੰਬਰ ਇੱਕ ਟੈਨਿਸ ਖਿਡਾਰਨ ਕੈਰੋਲੀਨਾ ਗਾਰਸੀਆ ਅਤੇ ਨੰਬਰ ਦੋ ਕ੍ਰਿਸਟੀਨਾ ਮਲਾਦੇਨੋਵਿੱਚ ‘ਤੇ ਰੀਓ ਓਲੰਪਿਕ ਦੌਰਾਨ ਗਲਤ ਵਿਵਹਾਰ ਕਾਰਨ ‘ਤੇ ਅਸਥਾਈ ਰੋਕ ਲਗਾਇਆ ਗਿਆ ਹੈ। ਜੇਕਰ ਇਹ ਪ੍ਰਤੀਬੰਧ ਖਤਮ ਨਹੀਂ ਹੁੰਦਾ ਹੈ ਤਾਂ ਦੋਵੇਂ ਖਿਡਾਰੀ ਨਵੰਬਰ ‘ਚ ਚੈਕ ਗਣਰਾਜ ਵਿਰੁੱਧ ਹੋਣ ਵਾਲੇ ਫ਼ੈਡ ਕੱਪ ਫ਼ਾਈਨਲ ‘ਚ ਨਹੀਂ ਖੇਡ ਸਕਣਗੇ। ਫ਼ੈਡਰੇਸ਼ਨ ਨੇ ਆਪਣੇ ਬਿਆਨ ‘ਚ ਕਿਹਾ, ”ਰੀਓ ਓਲੰਪਿਕ ਦੌਰਾਨ ਮਹਿਲਾ ਖਿਡਾਰੀਆਂ ਤੋਂ ਇਲਾਵਾ ਪੁਰਸ਼ ਟੈਨਿਸ ਖਿਡਾਰੀ ਬੇਨੋਐਟ ਪੇਅਰ ਦਾ ਵਿਵਹਾਰ ਵੀ ਮੁਆਫ਼ੀ ਦੇ ਕਾਬਲ ਨਹੀਂ ਸੀ।” ਇਨ੍ਹਾਂ ਖਿਡਾਰੀਆਂ ‘ਤੇ ਆਖਰੀ ਫ਼ੈਸਲਾ 24 ਸਤੰਬਰ ਨੂੰ ਸੁਣਾਇਆ ਜਾਵੇਗਾ। ਟੈਨਿਸ ਸੰਘ ਦੀ ਅੰਤਰਿਮ ਰਿਪੋਰਟ ‘ਚ ਸਾਬਕਾ ਫ਼ਰੈਂਚ ਓਪਨ ਡਬਲਜ਼ ਚੈਂਪੀਅਨ ਗਾਰਸੀਆ ਅਤੇ ਮਲਾਦੇਨੋਵਿੱਚ ਤੋਂ ਇਲਾਵਾ ਪੇਅਰ ਦੇ ਵਿਵਹਾਰ ਨੂੰ ਗਲਤ ਦੱਸਿਆ ਗਿਆ ਹੈ ਅਤੇ ਫ਼ੈਡਰੇਸ਼ਨ ਇਨ੍ਹਾਂ ਦੋਸ਼ਾਂ ਦੇ ਚਲਦੇ ਦੋਹਾਂ ਖਿਡਾਰੀਆਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਅਤੇ ਕੌਮਾਂਤਰੀ ਟੂਰਨਾਮੈਂਟ ‘ਚ ਦੇਸ਼ ਦੀ ਨੁਮਾਇੰਦਗੀ ‘ਤੇ ਰੋਕ ਲਗਾ ਸਕਦੀ ਹੈ। ਮਲਾਦੇਨੋਵਿੱਚ ਨੇ ਰੀਓ ਓਲੰਪਿਕ ‘ਚ ਆਪਣੇ ਡਬਲਜ਼ ਮੈਚ ਨੂੰ ਹਾਰਨ ਤੋਂ ਬਾਅਦ ਫ਼ੈਡਰੇਸ਼ਨ ਦੀ ਆਲੋਚਨਾ ਕੀਤੀ ਸੀ।












