ਨਿਊਯਾਰਕ : ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਅਤੇ ਭਾਰਤੀ-ਅਮਰੀਕੀ ਰਾਜ ਵਿਧਾਨ ਸਭਾ ਮੈਂਬਰ ਜੈਨੀਫਰ ਰਾਜਕੁਮਾਰ ਨੇ ਰਾਜ ਦੇ ਇਕ ਹਿੰਦੂ ਮੰਦਰ ਦੇ ਬਾਹਰ 2 ਵਾਰ ਭੰਨਤੋੜ ਕੀਤੇ ਜਾਣ ਦੇ ਇਕ ਸਾਲ ਤੋਂ ਵੱਧ ਸਮੇਂ ਬਾਅਦ ਮਹਾਤਮਾ ਗਾਂਧੀ ਦੇ ਨਵੇਂ ਬੁੱਤ ਦਾ ਉਦਘਾਟਨ ਕੀਤਾ ਹੈ। ਰਿਚਮੰਡ ਹਿੱਲ ਦੀ 111ਵੀਂ ਸਟਰੀਟ ‘ਤੇ ਸ਼੍ਰੀ ਤੁਲਸੀ ਮੰਦਰ ਦੇ ਸਾਹਮਣੇ ਸਥਿਤ, ਗਾਂਧੀ ਦੇ ਬੁੱਤ ਨੂੰ 3 ਅਤੇ 16 ਅਗਸਤ 2022 ਨੂੰ ਡੇਗ ਦਿੱਤਾ ਗਿਆ ਸੀ ਅਤੇ ਸਪਰੇਅ ਨਾਲ ਇਤਰਾਜ਼ਯੋਗ ਸ਼ਬਦ ਲਿਖ ਕੇ ਹਥੌੜੇ ਨਾਲ ਭੰਨਤੋੜ ਕੀਤੀ ਗਈ ਸੀ।
ਮੇਅਰ ਐਡਮਜ਼ ਨੇ ਪਿਛਲੇ ਹਫ਼ਤੇ ਬੁੱਤ ਦਾ ਉਦਘਾਟਨ ਕਰਦੇ ਹੋਏ ਕਿਹਾ, “ਪਿਛਲੇ ਸਾਲ, ਦੱਖਣੀ ਰਿਚਮੰਡ ਹਿੱਲ ਵਿੱਚ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਸੀ। ਅੱਜ, ਅਸੀਂ ਇੱਕ ਆਵਾਜ਼ ਵਿੱਚ ਇਹ ਕਹਿਣ ਲਈ ਭਾਈਚਾਰੇ ਦੇ ਨਾਲ ਖੜੇ ਹਾਂ ਕਿ ਸਾਡੇ ਸ਼ਹਿਰ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਅਸੀਂ ਨਿਆਂ ਦੀਆਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਅਪਣਾਉਂਦੇ ਹਾਂ, ਜਿਸ ਲਈ ਗਾਂਧੀ ਨੇ ਆਪਣਾ ਜੀਵਨ ਦਿੱਤਾ।’
ਉਥੇ ਹੀ ਰਾਜਕੁਮਾਰ ਨੇ ਇਸ ਘਟਨਾ ਨੂੰ ਹਿੰਦੂਆਂ ਅਤੇ ਭਾਰਤੀਆਂ ਵਿਰੁੱਧ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਐਕਸ ‘ਤੇ ਸਮਾਰੋਹ ਦੀ ਇੱਕ ਵੀਡੀਓ ਪੋਸਟ ਕੀਤੀ ਅਤੇ ਕਿਹਾ ਕਿ ਮੇਅਰ ਐਡਮਜ਼ ਦੇ ਨਾਲ ਬੁੱਤ ਦਾ ਉਦਘਾਟਨ ਕਰਨਾ “ਰੋਮਾਂਚਕ” ਸੀ। ਉਨ੍ਹਾਂ ਲਿਖਿਆ, “ਖ਼ੁਦ ਨੂੰ ਅਤੇ NYC ਮੇਅਰ ਨੂੰ ਪਿਛਲੇ ਸਾਲ ਦੀ ਨਫ਼ਰਤ ਭਰੀ ਭੰਨਤੋੜ ਵਾਲੀ ਥਾਂ ‘ਤੇ ਤੁਲਸੀ ਮੰਦਰ ਵਿਖੇ ਨਵੀਂ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕਰਦੇ ਹੋਏ ਦੇਖ ਕੇ ਰੋਮਾਂਚਕ ਹਾਂ! ਇਹ ਸਾਡੇ ਰਿਚਮੰਡ ਹਿੱਲ ਭਾਈਚਾਰੇ ਲਈ ਇੱਕ ਇਤਿਹਾਸਕ ਪਲ ਸੀ ਕਿਉਂਕਿ ਅਸੀਂ ਇਹ ਦਿਖਾਉਣ ਲਈ ਇਕੱਠੇ ਹੋਏ ਸੀ ਕਿ ਸਾਡਾ ਪਿਆਰ ਸਾਰੀਆਂ ਨਫ਼ਰਤਾਂ ਨੂੰ ਜਿੱਤ ਲਵੇਗਾ।”
ਨਿਊਯਾਰਕ ਪੁਲਸ ਵਿਭਾਗ (NYPD) ਦੇ ਅਨੁਸਾਰ, 6 ਅਣਪਛਾਤੇ ਵਿਅਕਤੀਆਂ, ਜਿਨ੍ਹਾਂ ਦੀ ਉਮਰ 25 ਤੋਂ 30 ਸਾਲ ਦੇ ਵਿਚਕਾਰ ਸੀ, ਨੂੰ ਨਿਗਰਾਨੀ ਵੀਡੀਓ ਵਿਚ ਬੁੱਤ ਨੂੰ ਤੋੜਦੇ ਹੋਏ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਹ 2 ਵੱਖ-ਵੱਖ ਕਾਰਾਂ, ਇੱਕ ਚਿੱਟੀ ਮਰਸਡੀਜ਼ ਬੈਂਜ਼ ਅਤੇ ਇੱਕ ਗੂੜੇ ਰੰਗ ਦੀ ਟੋਇਟਾ ਕੈਮਰੀ ਵਿਚ ਸਵਾਰ ਹੋ ਕੇ ਭੱਜ ਗਏ ਸਨ। ਹਮਲੇ ਦੇ ਇੱਕ ਮਹੀਨੇ ਬਾਅਦ, 27 ਸਾਲਾ ਸੁਖਪਾਲ ਸਿੰਘ, ਜੋ ਕਿ ਸਮੂਹ ਦਾ ਹਿੱਸਾ ਸੀ, ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਨਫ਼ਰਤੀ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ।















