PM ਮੋਦੀ ਹੁਣ ਬਣਨਾ ਚਾਹੁੰਦੇ ਹਨ ਭਗਵਾਨ ਵਿਸ਼ਨੂੰ ਦਾ 11ਵਾਂ ਅਵਤਾਰ : ਖੜਗੇ

ਦੇਹਰਾਦੂਨ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਭਗਵਾਨ ਵਿਸ਼ਨੂੰ ਦਾ 11ਵਾਂ ਅਵਤਾਰ ਬਣਨਾ ਚਾਹੁੰਦੇ ਹਨ। ਇਥੇ ਕਾਂਗਰਸੀ ਸੰਮੇਲਨ ’ਚ ਆਪਣੇ ਸੰਬੋਧਨ ’ਚ ਖੜਗੇ ਨੇ ਕਿਹਾ ਕਿ ਲੋਕ ਸਵੇਰੇ ਉੱਠਦੇ ਹੀ ਆਪਣੇ ਭਗਵਾਨ ਜਾਂ ਗੁਰੂਆਂ ਦੇ ਚਿਹਰੇ ਦੇਖਦੇ ਹਨ ਪਰ ਹੁਣ ਹਰ ਪਾਸੇ ਮੋਦੀ ਦਿਖਾਈ ਦਿੰਦੇ ਹਨ।
ਮੋਦੀ ’ਤੇ ਧਰਮ ਅਤੇ ਰਾਜਨੀਤੀ ਨੂੰ ਮਿਲਾਉਣ ਦਾ ਦੋਸ਼ ਲਗਾਉਂਦੇ ਹੋਏ ਖੜਗੇ ਨੇ ਕਿਹਾ ਕਿ ਜਦੋਂ ਇਹ ਦੋਵੇਂ ਮਿਲ ਜਾਂਦੇ ਹਨ ਤਾਂ ਚੰਗੇ ਅਤੇ ਮਾੜੇ ’ਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਮ ਦੇ ਨਾਂ ’ਤੇ ਵੋਟਾਂ ਲੈਣਾ ਦੇਸ਼ ਨਾਲ ਗੱਦਾਰੀ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ ਭਾਜਪਾ ਆਗੂਆਂ ਦੇ ਸੁਪਨਿਆਂ ’ਚ ਇੰਦਰਾ ਗਾਂਧੀ, ਰਾਜੀਵ ਗਾਂਧੀ, ਜਵਾਹਰ ਲਾਲ ਨਹਿਰੂ ਅਤੇ ਰਾਹੁਲ ਗਾਂਧੀ ਆ ਰਹੇ ਹਨ, ਜੋ ਉਨ੍ਹਾਂ ਨੂੰ ਸੌਣ ਨਹੀਂ ਦੇ ਰਹੇ।