ਰੀਜਾਈਨਾ: ਮੁਹੰਮਦ ਸ਼ਮੀ ਗੇਂਦ ਦੀ ਸੀਮ ਬਹੁਤ ਚੰਗੀ ਤਰ੍ਹਾਂ ਨਾਲ ਇਸਤੇਮਾਲ ਕਰ ਕੇ ਗੇਂਦਬਾਜ਼ੀ ਕਰਦਾ ਹੈ ਅਤੇ ਇੰਗਲੈਂਡ ਦਾ ਤੇਜ਼ ਗੇਂਦਬਾਜ਼ ਓਲੀ ਰੌਬਿਨਸਨ ਭਾਰਤ ਵਿਰੁੱਧ 25 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਟੈੱਸਟ ਲੜੀ ਤੋਂ ਪਹਿਲਾਂ ਇਸ ਭਾਰਤੀ ਤੇਜ਼ ਗੇਂਦਬਾਜ਼ ਦੀਆਂ ਵੀਡੀਓ ਦੇਖ ਕੇ ਇਸ ਕਲਾ ਦਾ ਅਭਿਆਸ ਕਰ ਰਿਹਾ ਹੈ। ਇੰਗਲੈਂਡ ਦੀ ਟੀਮ ਅਜੇ ਅਬੂਧਾਬੀ ‘ਚ ਭਾਰਤ ਵਰਗੇ ਹਾਲਾਤ ‘ਚ ਅਭਿਆਸ ਕਰ ਰਹੀ ਹੈ ਅਤੇ ਉਹ ਪਹਿਲੇ ਟੈੱਸਟ ਮੈਚ ਲਈ 21 ਜਨਵਰੀ ਨੂੰ ਹੈਦਰਾਬਾਦ ਪਹੁੰਚੀ ਹੈ।
ਭਾਰਤ ਵਿਰੁੱਧ 2021 ਦੀ ਲੜੀ ‘ਚ ਨੈੱਟ ਗੇਂਦਬਾਜ਼ ਦੀ ਭੂਮਿਕਾ ਨਿਭਾਉਣ ਵਾਲੇ ਰੌਬਿਨਸਨ ਨੂੰ ਉਮੀਦ ਹੈ ਕਿ ਸਟੂਅਰਟ ਬ੍ਰੌਡ ਦੇ ਸੰਨਿਆਸ ਲੈਣ ਤੋਂ ਬਾਅਦ ਉਹ ਆਗਾਮੀ ਲੜੀ ‘ਚ ਵੱਡੀ ਭੂਮਿਕਾ ਨਿਭਾਏਗਾ। ਰੌਬਿਨਸਨ ਨੇ ਕਿਹਾ, ”ਮੈਂ ਅਸਲ ‘ਚ ਮੁਹੰਮਦ ਸ਼ਮੀ ਦੀ ਤਰ੍ਹਾਂ ਸਿੱਧੀ ਸੀਮ ਨਾਲ ਗੇਂਦਬਾਜ਼ੀ ਕਰਨ ਦਾ ਅਭਿਆਸ ਕਰ ਰਿਹਾ ਹਾਂ।”
ਉਹ ਭਾਰਤ ਦੇ ਸਰਵਸ੍ਰੇਸ਼ਠ ਗੇਂਦਬਾਜ਼ਾਂ ‘ਚੋਂ ਇੱਕ ਹੈ। ਮੈਂ ਇਸ਼ਾਂਤ ਸ਼ਰਮਾ ਨੂੰ ਵੀ ਗੇਂਦਬਾਜ਼ੀ ਕਰਦੇ ਹੋਏ ਦੇਖਿਆ ਹੈ। ਉਹ ਸਸੈੱਕਸ ਵਲੋਂ ਕੁੱਝ ਸਮੇਂ ਲਈ ਖੇਡਿਆ ਹੈ ਅਤੇ ਉਸ ਨੇ ਲੰਬੇ ਸਮੇਂ ਤਕ ਭਾਰਤ ਵਲੋਂ ਚੰਗਾ ਪ੍ਰਦਰਸ਼ਨ ਕੀਤਾ ਹੈ। ਉਹ ਵੀ ਮੇਰੀ ਤਰ੍ਹਾਂ ਲੰਬੇ ਕੱਦ ਦਾ ਹੈ।” ਭਾਰਤ ਦੇ ਇੰਗਲੈਂਡ ਦੇ ਪਿਛਲੇ ਦੌਰੇ ‘ਚ ਰੌਬਿਨਸਨ ਨੇ 21 ਵਿਕਟਾਂ ਲਈਆਂ ਸਨ, ਪਰ ਭਾਰਤੀ ਵਿਕਟਾਂ ‘ਤੇ ਚੁਣੌਤੀ ਵੱਖਰੇ ਤਰ੍ਹਾਂ ਦੀ ਹੋਵੇਗੀ।












