ਆਸਾਮ ਰਾਈਫਲਜ਼ ਦੇ ਜਵਾਨ ਨੇ ਸਾਥੀਆਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਇੰਫਾਲ- ਮਣੀਪੁਰ ਦੇ ਚੰਦੇਲ ਜ਼ਿਲ੍ਹੇ ‘ਚ ਆਸਾਮ ਰਾਈਫਲਜ਼ ਦੇ ਇਕ ਜਵਾਨ ਨੇ ਆਪਣੇ ਸਾਥੀਆਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ‘ਚ ਘੱਟੋ-ਘਟ 6 ਜਵਾਨ ਜ਼ਖ਼ਮੀ ਹੋ ਗਏ। ਪੁਲਸ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੇਰ ਰਾਤ ਨੂੰ ਸਾਜਿਕ ਤਮਪਕ ਇਲਾਕੇ ‘ਚ ਹੋਈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਆਸਾਮ ਰਾਈਫਲ ਦੇ ਜਵਾਨ ਨੇ ਆਪਣੇ ਸਾਥੀਆਂ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਲਈ ਅਤੇ ਉਸ ਦੀ ਮੌਤ ਹੋ ਗਈ।
ਮਣੀਪੁਰ ਪੁਲਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਇਸ ਮੰਦਭਾਗੀ ਘਟਨਾ ਨੂੰ ਰਾਜ ‘ਚ ਚੱਲ ਰਹੇ ਜਾਤੀ ਸੰਘਰਸ਼ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ, ਕਿਉਂਕਿ ਜ਼ਖ਼ਮੀਆਂ ‘ਚੋਂ ਕੋਈ ਵੀ ਮਣੀਪੁਰ ਤੋਂ ਨਹੀਂ ਹੈ। ਤੱਥਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।” ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਕਰਮਚਾਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ।