ਨੇਪਾਲ ‘ਚ ਖੜ੍ਹੇ ਟਰੱਕ ਨਾਲ ਟਕਰਾਇਆ ਸਕੂਟਰ, ਭਾਰਤੀ ਨੌਜਵਾਨ ਦੀ ਮੌਤ

ਕਾਠਮੰਡੂ – ਨੇਪਾਲ ਦੇ ਬਾਗਮਤੀ ਸੂਬੇ ਵਿਚ ਖੜ੍ਹੇ ਟਰੱਕ ਨਾਲ ਸਕੂਟਰ ਦੇ ਟਕਰਾਉਣ ਕਾਰਨ ਇਸ ‘ਤੇ ਸਵਾਰ 22 ਸਾਲਾ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ। ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦਾ ਨਿਵਾਸੀ ਅਰਜੁਨ ਕੁਮਾਰ ਸਕੂਟਰ ‘ਤੇ ਇਕ ਹੋਰ ਵਿਅਕਤੀ ਨੂੰ ਪਿੱਛੇ ਬਿਠਾ ਕੇ ਐਤਵਾਰ ਰਾਤ ਨੂੰ ਕਿਤੇ ਜਾ ਰਿਹਾ ਸੀ, ਪਰ ਬਾਲੇਫੀ ਗ੍ਰਾਮੀਣ ਨਗਰ ਪਾਲਿਕਾ ਖੇਤਰ ਵਿਚ ਦੋਵੇਂ ਹਾਦਸੇ ਦਾ ਸ਼ਿਕਾਰ ਹੋ ਗਏ।
ਪੁਲਸ ਮੁਤਾਬਕ ਕੁਮਾਰ ਦੀ ਮੌਤ ਉਦੋਂ ਹੋਈ ਜਦੋਂ ਸਕੂਟਰ ਲਾਮੋਸਾਂਘੂ ਇਲਾਕੇ ਵਿਚ ਇਕ ਖੜ੍ਹੇ ਟਰੱਕ ਨਾਲ ਟਕਰਾ ਗਿਆ, ਜਦੋਂਕਿ ਪਿੱਛੇ ਬੈਠਾ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਅਕਤੀ ਨੂੰ ਸਥਾਨਕ ਹਸਪਤਾਲ ਵਿਚ ਦਾਖ਼ਲ ਕਰਾਉਣ ਦੇ ਬਾਅਦ ਅੱਗੇ ਦੇ ਇਲਾਜ ਲਈ ਕਾਠਮੰਡੂ ਸਥਿਤ ਟਰਾਮਾ ਸੈਂਟਰ ਲਿਜਾਇਆ ਗਿਆ ਹੈ।