ਨਾਸਿਕ ‘ਚ PM ਮੋਦੀ ਨੇ ਕੀਤਾ ਰੋਡ ਸ਼ੋਅ, ਕਿਹਾ- ਦੇਸ਼ ਦੇ ਸਾਰੇ ਮੰਦਰਾਂ ‘ਚ ਚਲਾਓ ਸਫ਼ਾਈ ਮੁਹਿੰਮ

ਨਾਸਿਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਨਾਸਿਕ ‘ਚ ਸ਼ੁੱਕਰਵਾਰ ਨੂੰ ਇਕ ਰੋਡ ਸ਼ੋਅ ਕੀਤਾ ਅਤੇ ਰਾਮਕੁੰਡ ਤੇ ਸ਼੍ਰੀ ਕਾਲਾਰਾਮ ਮੰਦਰ ‘ਚ ਪੂਜਾ ਵੀ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਨਾਸਿਕ ‘ਚ 27ਵੇਂ ਰਾਸ਼ਟਰੀ ਯੁਵਾ ਮਹਾਉਤਸਵ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ,”ਮੈਂ ਲੋਕਾਂ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਦੇ ਮੱਦੇਨਜ਼ਰ ਮੰਦਰਾਂ, ਤੀਰਥ ਸਥਾਨਾਂ ‘ਤੇ ਸਫ਼ਾਈ ਮੁਹਿੰਮ ਚਲਾਉਣ ਦੀ ਅਪੀਲ ਕਰਦਾ ਹਾਂ।”
ਪੀ.ਐੱਮ. ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਰਵਉੱਚ 5 ਅਰਥਵਿਵਸਥਾਵਾਂ ‘ਚ ਸ਼ਾਮਲ ਹੈ ਅਤੇ ਇਹ ਯੁਵਾ ਸਕਤੀ ਕਾਰਨ ਹੀ ਹੋਇਆ ਹੈ, ਜੋ ਸਾਡੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਦੁਨੀਆ ਅੱਜ ਭਾਰਤ ਨੂੰ ਅਜਿਹੇ ਦੇਸ਼ ਵਜੋਂ ਦੇਖਦੀ ਹੈ, ਜਿੱਥੇ ਕੁਸ਼ਲ ਕਿਰਤ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਚ ਮੋਬਾਇਲ ਡਾਟਾ ਸਭ ਤੋਂ ਘੱਟ ਕੀਮਤ ‘ਤੇ ਮਿਲਦਾ ਹੈ, ਇਸ ਨਾਲ ਪੂਰੀ ਦੁਨੀਆ ਹੈਰਾਨ ਹੈ। ਅਸੀਂ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਹੈ। ਭਾਰਤ ਦੇ ਯੁਵਾ ਯੋਗ ਅਤੇ ਆਯੂਰਵੈਦ ਦੇ ਬਰਾਂਡ ਅੰਬੈਸਡਰ ਬਣ ਰਹੇ ਹਨ।