ਜਲੰਧਰ/ਗੁਜਰਾਤ – ਗੁਜਰਾਤ ਵਿਖੇ ਡੇਡੀਆਪਡਾ ਵਿਚ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵੱਲੋਂ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਭਗਵੰਤ ਮਾਨ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਉਤੇ ਤਿੱਖੇ ਨਿਸ਼ਾਨੇ ਸਾਧੇ। ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਨਤਾ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰ ਗੱਲ ਜੁਮਲਾ ਨਿਕਲੀ ਹੈ। ਭਾਜਪਾ ਵਾਲੇ ਸਿਰਫ਼ ਜੁਮਲੇ ਹੀ ਸੁਣਾਉਂਦੇ ਹਨ ਅਤੇ ਅਸੀਂ ਕੰਮ ਕਰ ਰਹੇ ਹਾਂ। ਭਗਵੰਤ ਮਾਨ ਨੇ ਕਿਹਾ ਕਿ ਸਿਲੰਡਰ 1000 ਮਹਿੰਗਾ ਕਰਕੇ ਸਿਰਫ਼ 200 ਰੁਪਏ ਸਸਤਾ ਕੀਤਾ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿਚ ਭਾਜਪਾ ਹੋਰ ਵੀ ਜੁਮਲੇ ਸੁਣਾਏਗੀ।
ਅਰਵਿੰਦ ਕੇਜਰੀਵਾਲ ਨੂੰ ਭੇਜੇ ਗਏ ਈ. ਡੀ. ਦੇ ਨੋਟਿਸਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਈ. ਡੀ. ਦਾ ਇਸਤੇਮਾਲ ਕਰਕੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਨੂੰ ਈ. ਡੀ. ਦੇ ਨੋਟਿਸਾਂ ਨਾਲ ਡਰਾਇਆ ਜਾ ਰਿਹਾ ਹੈ ਪਰ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਬੱਬਰ ਸ਼ੇਰ ਦੱਸਦੇ ਹੋਏ ਕਿਹਾ ਕਿ ਸ਼ੇਰ ਪਿੰਜਰੇ ਵਿਚ ਨਹੀਂ ਰਹਿੰਦੇ ਹਨ।
ਇਸ ਦੇ ਇਲਾਵਾ ਉਨ੍ਹਾਂ ਪੰਜਾਬ ਵਿਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ 20 ਮਹੀਨਿਆਂ ਦੌਰਾਨ 42 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ 10 ਜਨਵਰੀ ਨੂੰ ਹੋਰ 700 ਲੋਕਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ। ਪੰਜਾਬ ਵਿਚ 90 ਫ਼ੀਸਦੀ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ‘ਤੇ ਸਰਕਾਰ ਸਰਕਾਰੀ ਸੰਸਥਾਵਾਂ ਨੂੰ ਘਾਟੇ ਵਿਚ ਵਿਖਾ ਕੇ ਮਿੱਤਰਾਂ ਨੂੰ ਵੇਚ ਦਿੰਦੇ ਹਨ ਪਰ ਪੰਜਾਬ ਸਰਕਾਰ ਨੇ 6 ਦਿਨ ਪਹਿਲਾਂ ਹੀ ਸਰਕਾਰੀ ਬਿਜਲੀ ਬੋਰਡ ਨੇ ਨਿੱਜੀ ਥਰਮਲ ਪਲਾਂਟ ਖ਼ਰੀਦਿਆ ਹੈ। ਉਨ੍ਹਾਂ ਕਿਹਾ ਕਿ ਇਹੀ ਅਰਵਿੰਦ ਕੇਜਰੀਵਾਲ ਦੀ ਸੋਚ ਹੈ, ਇਹੀ ਅਰਵਿੰਦ ਕੇਜਰੀਵਾਲ ਵੱਲੋਂ ਖਿੱਚਿਆ ਗਿਆ ਇਕ ਨਕਸ਼ਾ ਹੈ ਅਤੇ ਇਸ ਨਕਸ਼ੇ ‘ਤੇ ਚੱਲ ਸਕਦੇ ਹੋ ਤਾਂ ਚੱਲੋ ਨਹੀਂ ਤਾਂ ਸਤਿ ਸ੍ਰੀ ਅਕਾਲ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਸਿਰਫ਼ ਪੈਸਾ ਹੀ ਚਾਹੀਦਾ ਹੈ, ਫੇਮ ਅਤੇ ਫੋਟੋ ਹੀ ਲੱਗਵਾਉਣੀ ਹੈ ਤਾਂ ਉਹ ਕਿਸੇ ਹੋਰ ਪਾਰਟੀ ਵਿਚ ਜਾ ਸਕਦਾ ਹੈ।















