ਬਠਿੰਡਾ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਹਾਲ ਹੀ ‘ਚ ਸਿੱਧੂ ਦਾ ਨਾਂ ਲਏ ਬਿਨਾਂ ਰਾਜਾ ਵੜਿੰਗ ਨੇ ਕਿਹਾ ਸੀ ਕਿ ਜਿਸ ਨੇ ਵੀ ਆਪਣੀ ਨਿੱਜੀ ਰਾਏ ਜ਼ਾਹਰ ਕਰਨੀ ਹੈ, ਉਸ ਨੂੰ ਪਾਰਟੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸ ਸਭ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਨੇ 7 ਜਨਵਰੀ ਨੂੰ ਬਠਿੰਡਾ ਵਿੱਚ ਰੈਲੀ ਰੱਖ ਲਈ ਹੈ। ਉਨ੍ਹਾਂ ਇਸ ਰੈਲੀ ਦਾ ਨਾਂ ‘ਲੋਕ ਮਿਲਣੀ’ ਰੱਖਿਆ ਹੈ।
ਇਸ ਦੀ ਜਾਣਕਾਰੀ ਖ਼ੁਦ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਦਿੱਤੀ ਹੈ। ਇਸ ਦੇ ਨਾਲ ਹੀ ਸਾਰੇ ਆਗੂਆਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਇਸ ਵਾਰ ਰੈਲੀ ਦੇ ਪੋਸਟਰ ‘ਚ ਪਾਰਟੀ ਪ੍ਰਧਾਨ ਦੀ ਤਸਵੀਰ ਨੂੰ ਜਗ੍ਹਾ ਦਿੱਤੀ ਗਈ ਹੈ ਜਦਕਿ ਸੂਬੇ ਦੇ ਕਿਸੇ ਵੀ ਨੇਤਾ ਨੂੰ ਜਗ੍ਹਾ ਨਹੀਂ ਦਿੱਤੀ ਗਈ ਹੈ।
ਨਵਜੋਤ ਸਿੱਧੂ ਦੀ ਇਹ ਰੈਲੀ ਕੋਟ ਸ਼ਮੀਰ ਬਠਿੰਡਾ ਵਿੱਚ ਹੋਵੇਗੀ। ਪੋਸਟਰ ‘ਤੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਪਾਰਟੀ ਦੇ ਨਵੇਂ ਨਿਯੁਕਤ ਇੰਚਾਰਜ ਦੇਵੇਂਦਰ ਸਿੰਘ ਅਤੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਤਸਵੀਰਾਂ ਹਨ। ਇਸ ਪੋਸਟਰ ਵਿੱਚ ਬਠਿੰਡਾ ਦੇ ਦੋ ਸਥਾਨਕ ਆਗੂਆਂ ਦੀਆਂ ਫੋਟੋਆਂ ਵੀ ਹਨ।
ਇਸ ਤੋਂ ਪਹਿਲਾਂ ਦਿੱਲੀ ‘ਚ ਨਵਜੋਤ ਸਿੰਘ ਸਿੱਧੂ ਨੇ ਪਾਰਟੀ ਦੇ ਨਵੇਂ ਇੰਚਾਰਜ ਦਵਿੰਦਰ ਸਿੰਘ ਨਾਲ ਮੀਟਿੰਗ ਕਰਕੇ ਸਾਰੇ ਹਾਲਾਤ ‘ਤੇ ਚਰਚਾ ਕੀਤੀ ਸੀ। ਦੋਵਾਂ ਦੀ ਮੁਲਾਕਾਤ ਹਿਮਾਚਲ ਸਦਨ ‘ਚ ਹੋਈ ਸੀ। ਇਸ ਤੋਂ ਬਾਅਦ ਸਿੱਧੂ ਨੇ ਕਿਹਾ ਸੀ ਕਿ ਪਾਰਟੀ ਹਾਈਕਮਾਂਡ ਨਾਲ ਮੀਟਿੰਗ ਤੋਂ ਬਾਅਦ ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਉਥੇ ਹੀ ਰਹਿਣ ਲਈ ਕਿਹਾ ਸੀ। ਮੀਟਿੰਗ ‘ਚ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਉਹ ਪਾਰਟੀ ਦੀ ਬਿਹਤਰੀ ਲਈ ਕੰਮ ਕਰਨਗੇ।















