ਪਾਕਿਸਤਾਨ: ਪੇਸ਼ਾਵਰ ‘ਚ ਅੱਤਵਾਦੀ ਹਮਲਾ, ਛੇ ਮਜ਼ਦੂਰਾਂ ਦੀ ਮੌਤ

ਪੇਸ਼ਾਵਰ: ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਸ਼ੁੱਕਰਵਾਰ ਨੂੰ ਅਣਪਛਾਤੇ ਅੱਤਵਾਦੀਆਂ ਨੇ ਇਕ ਪੁਲਸ ਸਟੇਸ਼ਨ ਦੀ ਉਸਾਰੀ ਵਾਲੀ ਥਾਂ ‘ਤੇ ਕੰਮ ਕਰ ਰਹੇ ਘੱਟੋ-ਘੱਟ 6 ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਦੱਖਣੀ ਵਜ਼ੀਰਿਸਤਾਨ ਦੇ ਵਾਨਾ ਕਬਾਇਲੀ ਜ਼ਿਲ੍ਹੇ ਵਿੱਚ ਵਾਪਰੀ।
ਉਨ੍ਹਾਂ ਕਿਹਾ ਕਿ ਅੱਤਵਾਦੀਆਂ ਨੇ ਮਜ਼ਦੂਰਾਂ ‘ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਆਪਣੇ ਤੰਬੂਆਂ ‘ਚ ਸਨ। ਦੱਖਣੀ ਵਜ਼ੀਰਿਸਤਾਨ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਫਰਮਾਨਉੱਲ੍ਹਾ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੁਲਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕਿਸੇ ਵੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਅਗਸਤ ਮਹੀਨੇ ਵਿੱਚ ਇਸੇ ਜ਼ਿਲ੍ਹੇ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਘੱਟੋ-ਘੱਟ 11 ਮਜ਼ਦੂਰ ਮਾਰੇ ਗਏ ਸਨ। ਪਾਕਿਸਤਾਨ ‘ਚ ਪਿਛਲੇ ਕੁਝ ਸਮੇਂ ‘ਚ ਅੱਤਵਾਦੀ ਘਟਨਾਵਾਂ ‘ਚ ਵਾਧਾ ਹੋਇਆ ਹੈ।