ਨਵੀਂ ਦਿੱਲੀ- ਦਿੱਲੀ ਆਬਕਾਰੀ ਨੀਤੀ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਗਿਆ ਹੈ। ਕੇਜਰੀਵਾਲ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਣਗੇ। ਦਰਅਸਲ ਕੇਜਰੀਵਾਲ ਹੁਸ਼ਿਆਰਪੁਰ ‘ਚ ਵਿਪਾਸਨਾ ਧਿਆਨ ਸੈਂਟਰ ਗਏ ਹਨ। ਕੇਜਰੀਵਾਲ ਇੱਥੇ 10 ਦਿਨ ਰਹਿਣਗੇ। ਦਰਅਸਲ ਕੇਜਰੀਵਾਲ ਨੂੰ ਈਡੀ ਨੇ ਵੀਰਵਾਰ ਨੂੰ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਪੁੱਛਗਿੱਛ ਲਈ ਬੁਲਾਇਆ ਸੀ ਪਰ ਉਹ ਬੁੱਧਵਾਰ ਨੂੰ 10 ਦਿਨਾਂ ਵਿਪਾਸਨਾ ਧਿਆਨ ਸੈਸ਼ਨ ਲਈ ਚੱਲੇ ਗਏ। ਸੂਤਰਾਂ ਨੇ ਮੁੱਖ ਮੰਤਰੀ ਦੇ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੇ ਤਾਜ਼ਾ ਸੰਮਨ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਗੈਰ-ਕਾਨੂੰਨੀ ਦੱਸਿਆ ਹੈ।
ਆਪਣੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਜੀਵਨ ਪਾਰਦਰਸ਼ਤਾ ਅਤੇ ਈਮਾਨਦਾਰੀ ਨਾਲ ਗੁਜ਼ਾਰਿਆ ਹੈ ਅਤੇ ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ। ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਸੰਮਨ ਦੇ ਸਮੇਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪਾਰਟੀ ਦੇ ਵਕੀਲ ਨੋਟਿਸ ਦਾ ਅਧਿਐਨ ਕਰ ਰਹੇ ਹਨ ਅਤੇ ਕਾਨੂੰਨੀ ਰੂਪ ਤੋਂ ਉੱਚਿਤ ਕਦਮ ਚੁੱਕੇ ਜਾਣਗੇ। ਪਾਰਟੀ ਨੇ ਕਿਹਾ ਕਿ ਕੇਜਰੀਵਾਲ ਦਾ ਵਿਪਾਸਨਾ ਸੈਸ਼ਨ ਪਹਿਲਾਂ ਤੋਂ ਤੈਅ ਸੀ ਅਤੇ ਇਹ ਜਾਣਕਾਰੀ ਜਨਤਕ ਸੀ। ਦੱਸ ਦੇਈਏ ਕਿ ਈਡੀ ਨੇ ਇਸ ਤੋਂ ਪਹਿਲਾਂ ਕੇਜਰੀਵਾਲ ਨੂੰ 2 ਨਵੰਬਰ 2023 ਨੂੰ ਸੰਮਨ ਭੇਜਿਆ ਸੀ ਪਰ ਨੋਟਿਸ ਨੂੰ ਗੈਰ-ਕਾਨੂੰਨੀ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਉਹ ਪੁੱਛਗਿੱਛ ਵਿਚ ਸ਼ਾਮਲ ਨਹੀਂ ਹੋਏ ਸਨ।















