ਹੈਦਰਾਬਾਦ – ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਨਤਾ ਨੂੰ ਅਪਣਾਉਂਦੇ ਸਮੇ ਹਥਿਆਰਬੰਦ ਫੋਰਸਾਂ ਦੀਆਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਦੋਵਾਂ ਵਿਚਾਲੇ ਸੰਤੁਲਨ ਹੋਣਾ ਚਾਹੀਦਾ ਹੈ। ਰੱਖਿਆ ਮੰਤਰੀ ਨੇ ਹੈਦਰਾਬਾਦ ਨੇੜੇ ਡੁੰਡੀਗਲ ਦੀ ਏਅਰ ਫੋਰਸ ਅਕੈਡਮੀ ਵਿੱਚ ਸੰਯੁਕਤ ਗ੍ਰੈਜੂਏਸ਼ਨ ਪਰੇਡ ਨੂੰ ਸੰਬੋਧਨ ਕਰਦਿਆਂ ਐਤਵਾਰ ਕਿਹਾ ਕਿ ਰਵਾਇਤਾਂ ਦੀ ਪਾਲਣਾ ਕਰਨ ਨਾਲ ਸਿਸਟਮ ਝੀਲ ਵਿੱਚ ਖੜ੍ਹੇ ਪਾਣੀ ਵਰਗਾ ਹੀ ਬਣ ਜਾਵੇਗਾ ਪਰ ਜੇ ਇਸ ਨੂੰ ਨਵੀਨਤਾ ਨਾਲ ਜੋੜਿਆ ਜਾਵੇ ਤਾਂ ਇਹ ਹਮੇਸ਼ਾ ਤਾਜ਼ਾ ਪਾਣੀ ਪ੍ਰਦਾਨ ਕਰਨ ਵਾਲੀ ਇੱਕ ਨਦੀ ਬਣ ਜਾਏਗਾ।
ਉਨ੍ਹਾਂ ਕਿਹਾ ਕਿ ਹਥਿਆਰਬੰਦ ਫੋਰਸਾਂ ਵਿੱਚ ਰਵਾਇਤਾਂ ਅਹਿਮ ਹੁੰਦੀਆਂ ਹਨ ਕਿਉਂਕਿ ਉਹ ਸਮੇਂ ਦੀ ਪ੍ਰੀਖਿਆ ’ਤੇ ਖੜ੍ਹੀਆਂ ਹੁੰਦੀਆਂ ਹਨ। ਉਨ੍ਹਾਂ ਲੰਬੇ ਸਮੇਂ ਤੋਂ ਲਾਭਦਾਇਕ ਮੰਤਵਾਂ ਦੀ ਸੇਵਾ ਕੀਤੀ ਹੈ। ਇਸ ਲਈ ਰਵਾਇਤਾਂ ਨੂੰ ਢੁਕਵਾਂ ਮਹੱਤਵ ਦੇਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਇਕ ਜ਼ਰੂਰੀ ਗੱਲ ਇਹ ਵੀ ਹੈ ਕਿ ਜੇ ਅਸੀਂ ਬਿਨਾਂ ਸੋਚੇ ਸਮਝੇ ਰਵਾਇਤਾਂ ਦੀ ਪਾਲਣਾ ਕਰਦੇ ਹਾਂ ਤਾਂ ਕੁਦਰਤੀ ਤੌਰ ’ਤੇ ਸਾਡਾ ਸਿਸਟਮ ਠੱਪ ਹੋ ਜਾਵੇਗਾ।















