ਇਰਾਕ ਦੇ ਸ਼ਹਿਰ ਏਰਬਿਲ ਦੀ ਇੱਕ ਯੂਨੀਵਰਸਿਟੀ ‘ਚ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ ‘ਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ‘ਚ 18 ਲੋਕ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ। ਇਹ ਹਾਦਸਾ ਸ਼ੁੱਕਰਵਾਰ ਨੂੰ ਵਾਪਰਿਆ। ਇੱਕ ਇਰਾਕੀ ਸਿਹਤ ਅਧਿਕਾਰੀ ਨੇ ਕਿਹਾ ਕਿ “ਅਰਬਿਲ ਦੇ ਪੂਰਬ ਵਿੱਚ, ਸੋਰਾਨ ਦੇ ਛੋਟੇ ਜਿਹੇ ਕਸਬੇ ਵਿੱਚ ਇੱਕ ਇਮਾਰਤ (ਹੋਸਟਲ) ਵਿੱਚ ਅੱਗ ਲੱਗ ਗਈ। ਸਰਕਾਰੀ ਮੀਡੀਆ ਨੇ ਮੌਤਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।”
ਸੋਰਨ ਸਿਹਤ ਵਿਭਾਗ ਵਲੋਂ ਜਾਰੀ ਇਕ ਬਿਆਨ ਮੁਤਾਬਕ ਅੱਗ ਸਭ ਤੋਂ ਪਹਿਲਾਂ ਤੀਜੀ ਅਤੇ ਚੌਥੀ ਮੰਜ਼ਿਲ ‘ਤੇ ਲੱਗੀ, ਇਸ ਮੰਜ਼ਿਲ ‘ਤੇ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕ ਰਹਿੰਦੇ ਸਨ। ਇਸ ਤੋਂ ਬਾਅਦ ਅੱਗ ਪੂਰੀ ਪੰਜ ਮੰਜ਼ਿਲਾ ਇਮਾਰਤ ਵਿਚ ਫੈਲ ਗਈ। ਬਿਆਨ ‘ਚ ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ। ਮਰਨ ਵਾਲਿਆਂ ਵਿਚ ਜ਼ਿਆਦਾਤਰ ਵਿਦਿਆਰਥੀ ਦੱਸੇ ਜਾਂਦੇ ਹਨ। ਜਿਸ ਇਲਾਕੇ ‘ਚ ਅੱਗ ਲੱਗੀ ਹੈ, ਉਹ ਕੁਰਦਿਸਤਾਨ ਦਾ ਹੈ। ਕੁਰਦਿਸਤਾਨ ਇੰਤੇਜਾਮੀਆ ਨੇ ਇਸ ਮਾਮਲੇ ‘ਚ ਇਕ ਕਮੇਟੀ ਬਣਾਈ ਹੈ, ਜੋ ਇਸ ਦੀ ਜਾਂਚ ਕਰੇਗੀ।
ਸਥਾਨਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤੱਕ ਅੱਗ ‘ਤੇ ਸਫਲਤਾਪੂਰਵਕ ਕਾਬੂ ਪਾ ਲਿਆ ਗਿਆ ਸੀ।















