ਗੁਰਦਾਸਪੁਰ ਦੇ ਵਾਸੀਆਂ ਨੂੰ ‘ਆਪ’ ਦਾ ਵੱਡਾ ਤੋਹਫ਼ਾ, 1854 ਕਰੋੜ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

ਗੁਰਦਾਸਪੁਰ – ਗੁਰਦਾਸਪੁਰ ਵਿਖੇ ਆਮ ਆਦਮੀ ਪਾਰਟੀ ਵੱਲੋਂ ਅੱਜ ਵੱਡੀ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਦੇ 1854 ਕਰੋੜ ਦੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਟਰਮੀਨਲ ਦਾ ਉਦਘਾਟਨ ਕੀਤਾ ਗਿਆ ਅਤੇ ਰੇਲਵੇ ਬਰਿੱਜ ਅੰਡਰਪਾਸ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੀ ਧਰਤੀ ਇਤਿਹਾਸਕ ਅਤੇ ਪਵਿੱਤਰ ਧਰਤੀ ਹੈ। ਆਮ ਆਦਮੀ ਪਾਰਟੀ ਬਦਲਾਅ ਦਾ ਨਾਂ ਹੈ।
ਗੁਰਦਾਸਪੁਰ ‘ਚ ਆਧੁਨਿਕ ਨਵਾਂ ਬੱਸ ਸਟੈਂਡ ਬਣਾਇਆ ਹੈ। ਅਸੀਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਵਾਂਗੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਇਥੇ ਹੀ ਰੁਜ਼ਗਾਰ ਦੇਵਾਂਗੇ। ਉਥੇ ਹੀ ਵਿਰੋਧੀਆਂ ‘ਤੇ ਹਮਲਾ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪ੍ਰੋਗਰਾਮ ਖ਼ਰਾਬ ਕਰਨ ਲਈ ਇਕ-ਦੋ ਬੰਦੇ ਭੇਜ ਦਿੰਦੇ ਹਨ। ਪਹਿਲਾਂ ਸੜਕਾਂ ਕਾਗਜ਼ਾਂ ‘ਤੇ ਹੁੰਦੀ ਸੀ, ਧਰਤੀ ‘ਤੇ ਨਹੀਂ। ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹਨ। ਵਿਰੋਧੀਆਂ ਦੀਆਂ ਕੁਰਸੀਆਂ ਖੁੱਸ ਗਈਆਂ ਹਨ।