ਕੋਲਕਾਤਾ- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਪੱਛਮੀ ਬੰਗਾਲ ਵਿਚ ਕਥਿਤ ਅਧਿਆਪਕ ਭਰਤੀ ਘਪਲੇ ਵਿਚ ਸ਼ਮੂਲੀਅਤ ਦੇ ਦੋਸ਼ ’ਚ ਵੀਰਵਾਰ ਨੂੰ ਇਕ ਵਿਧਾਇਕ ਅਤੇ 2 ਕੌਂਸਲਰਾਂ ਸਮੇਤ ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਦੇ ਘਰਾਂ ’ਤੇ ਇਕੱਠੀ ਛਾਪੇਮਾਰੀ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਨੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਡੋਮਕਲ ਦੇ ਵਿਧਾਇਕ ਜ਼ਫੀਕੁਲ ਇਸਲਾਮ ਤੇ ਕੋਲਕਾਤਾ ਨਗਰ ਨਿਗਮ (ਕੇ. ਐੱਮ. ਸੀ.) ਦੇ ਕੌਂਸਲਰ ਬੱਪਾਦਿਤਿਆ ਦਾਸਗੁਪਤਾ ਅਤੇ ਬਿਧਾਨਨਗਰ ਨਗਰ ਨਿਗਮ ਦੇ ਕੌਂਸਲਰ ਦੇਬਰਾਜ ਚੱਕਰਵਰਤੀ ਦੇ ਘਰਾਂ ਦੀ ਤਲਾਸ਼ੀ ਲਈ। ਅਧਿਕਾਰੀ ਨੇ ਦੱਸਿਆ ਕਿ ਅਸੀਂ ਉਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਾਂ, ਜਿਨ੍ਹਾਂ ਦੇ ਘਰਾਂ ਅਤੇ ਦਫਤਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਸਿਲਸਿਲੇ ’ਚ ਕੋਲਕਾਤਾ, ਮੁਰਸ਼ਿਦਾਬਾਦ ਅਤੇ ਕੂਚ ਬਿਹਾਰ ਜ਼ਿਲਿਆਂ ’ਚ ਅਤੇ ਉਨ੍ਹਾਂ ਦੇ ਨੇੜੇ-ਤੇੜੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ।















