ਅਮਿਤ ਸ਼ਾਹ ਬੋਲੇ- ਗਹਿਲੋਤ ਸਰਕਾਰ ਨੇ 40 ਲੱਖ ਨੌਜਵਾਨਾਂ ਨੂੰ ਧੋਖਾ ਦਿੱਤਾ, ਅਜੇ ਵੀ ਮੰਗ ਰਹੇ ਮੌਕਾ

ਅਲਵਰ- ਰਾਜਸਥਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹਨ। ਸਿਆਸੀ ਪਾਰਟੀਆਂ ਆਪਣੀ ਜਿੱਤ ਯਕੀਨੀ ਕਰਨ ਅਤੇ ਜਨਤਾ ਨੂੰ ਲੁਭਾਉਣ ਲਈ ਤਾਬੜਤੋੜ ਰੈਲੀਆਂ ਕਰ ਰਹੀਆਂ ਹਨ। ਇਸ ਦਰਮਿਆਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਲਵਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਿਤ ਕੀਤਾ।
ਜਨ ਸਭਾ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਗਹਿਲੋਤ ਸਰਕਾਰ ਨੇ ਰਾਜਸਥਾਨ ਦੇ 40 ਲੱਖ ਨੌਜਵਾਨਾਂ ਨੂੰ ਧੋਖਾ ਦਿੱਤਾ ਹੈ। ਰਾਜਸਥਾਨ ਵਿਚ ਇੰਨੇ ਪੇਪਰ ਲੀਕ ਹੋਣ ਤੋਂ ਬਾਅਦ ਵੀ ਅਸ਼ੋਕ ਗਹਿਲੋਤ ਜੀ ਕਹਿ ਰਹੇ ਹਨ ਕਿ ਮੈਨੂੰ ਇਕ ਹੋਰ ਮੌਕਾ ਦਿਓ। ਜਦਕਿ ਰਾਜਸਥਾਨ ਵਿਚ ਸਾਡੀ ਡਬਲ ਇੰਜਣ ਸਰਕਾਰ ਆਵੇਗੀ ਤਾਂ ਅਸੀਂ ਭ੍ਰਿਸ਼ਟਾਚਾਰ ਵਿਚ ਸ਼ਾਮਲ ਲੋਕਾਂ ਨੂੰ ਸਲਾਖਾਂ ਪਿੱਛੇ ਪਹੁੰਚਾਵਾਂਗੇ। ਰਾਜਸਥਾਨ ਸਰਕਾਰ ਨੇ ਭ੍ਰਿਸ਼ਟਾਚਾਰ ਅਤੇ ਪੇਪਰ ਲੀਕ ਕਰਨ ਦੇ ਮਾਮਲੇ ਵਿਚ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਸ਼ਾਹ ਨੇ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ ਜੇਕਰ ਰਾਜਸਥਾਨ ਵਿਚ ਕਮਲ ਖਿੜੇਗਾ ਤਾਂ ਮੋਦੀ ਜੀ ਦੀ ਗੰਰਟੀ ਹੈ ਕਿ 5 ਸਾਲ ਵਿਚ ਢਾਈ ਲੱਖ ਨੌਜਵਾਨਾਂ ਨੂੰ ਬਿਨਾਂ ਪੇਪਰ ਲੀਕ ਹੋਏ ਨੌਕਰੀ ਦਿੱਤੀ ਜਾਵੇਗੀ। ਅਮਿਤ ਸ਼ਾਹ ਨੇ ਰਾਜਸਥਾਨ ਵਿਚ ਲੀਕ ਹੋਏ ਪੇਪਰਾਂ ਦੀ ਸੂਚੀ ਵੀ ਗਿਣਵਾਈ।