ਭਲਕੇ ਪੰਜਾਬ ਦੌਰੇ ‘ਤੇ ਆਉਣਗੇ ‘ਆਪ’ ਸੁਪ੍ਰੀਮੋ ਕੇਜਰੀਵਾਲ, ਦੋਆਬਾ ਵਾਸੀਆਂ ਨੂੰ ਦੇਣਗੇ ਵੱਡਾ ਤੋਹਫ਼ਾ

ਚੰਡੀਗੜ੍ਹ/ਹੁਸ਼ਿਆਰਪੁਰ : ਆਮ ਆਦਮੀ ਪਾਰਟੀ ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ। ਜਾਣਕਾਰੀ ਅਨੁਸਾਰ ਉਹ ਭਲਕੇ ਦੋਆਬਾ ਖੇਤਰ ਦਾ ਦੌਰਾ ਕਰਨਗੇ। ਆਪਣੇ ਦੌਰੇ ਦੌਰਾਨ ਹੁਸ਼ਿਆਰਪੁਰ ‘ਚ ਭਲਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਡੀ ਰੈਲੀ ਕਰਨ ਜਾ ਰਹੇ ਹਨ।
ਸੂਬੇ ਨੂੰ ਵਿਕਾਸ ਦੀਆਂ ਲੀਹਾਂ ‘ਤੇ ਅੱਗੇ ਵਧਾਉਣ ਲਈ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਹੁਸ਼ਿਆਰਪੁਰ ਵਿਚ ‘ਵਿਕਾਸ ਕ੍ਰਾਂਤੀ ਰੈਲੀ’ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ‘ਆਪ’ ਦੇ ਪੰਜਾਬ ਇੰਚਾਰਜ ਮਾਲਵਿੰਦਰ ਸਿੰਘ ਕੰਗ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕਰਕੇ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ 900 ਕਰੋੜ ਰੁਪਏ ਦੇ ਕਰੀਬ ਦੀਆਂ ਸੌਗ਼ਾਤਾਂ ਪੰਜਾਬ ਦੇ ਲੋਕਾਂ ਨੂੰ ਦੇਣ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਡੇਢ ਸਾਲ ਤੋਂ ਸਰਕਾਰ ਨੇ ਸਿਹਤ ਖੇਤਰ ‘ਚ ਬਹੁਤ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। ਮੈਡੀਕਲ ਸਿੱਖਿਆ ਤੋਂ ਬਾਅਦ ਪੰਜਾਬ ਦੇ ਬੱਚਿਆਂ ਨੂੰ ਆਰਮੀ ਟ੍ਰੇਨਿੰਗ ਇੰਸਟੀਚਿਊਟ ਵੀ ਮਿਲਣ ਜਾ ਰਹੇ ਹਨ। ਦੋਆਬੇ ਦੇ 10 ਹਲਕਿਆਂ ਨੂੰ ਕੱਲ੍ਹ ਬਹੁਤ ਵੱਡੀਆਂ ਸੌਗਾਤਾਂ ਮਿਲਣ ਜਾ ਰਹੀਆਂ ਹਨ। ਸਰਕਾਰ ਪਿੰਡਾਂ ਦੀਆਂ ਖ਼ਾਲੀ ਪਈਆਂ ਪੰਚਾਈਤੀ ਜ਼ਮੀਨਾਂ ‘ਚ 23 ਨਵੇਂ ਸਟੇਡੀਅਮ ਬਣਾਉਣ ਜਾ ਰਹੀ ਹੈ। ਸਾਡੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਫ਼ਤ ਦੇਣਾ ਚਾਹੁੰਦੀ ਹੈ।