ਪਿੰਡ ਡਾਲਾ ਦੇ ਨੰਬਰਦਾਰ ਬਲਜਿੰਦਰ ਸਿੰਘ ਦੇ ਕਤਲ ਮਾਮਲੇ ’ਚ ਦੋ ਦੋਸ਼ੀ 6 ਦਿਨ ਦੇ ਰਿਮਾਂਡ ’ਤੇ

ਮੋਗਾ : ਮਾਣਯੋਗ ਅਦਾਲਤ ਵੱਲੋਂ ਬੀਤੇ ਮਹੀਨੇ ਪਿੰਡ ਡਾਲਾ ਵਿਚ ਨੰਬਰਦਾਰ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਥਾਣਾ ਮਹਿਣਾ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਕਥਿਤ ਦੋਸ਼ੀਆਂ ਨੂੰ 6 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ। ਇਸ ਮਾਮਲੇ ਵਿਚ ਦੋਸ਼ੀ ਧਿਰ ਵੱਲੋਂ ਮਾਣਯੋਗ ਅਦਾਲਤ ਵਿਚ ਐਡਵੋਕੇਟ ਰਾਜਪਾਲ ਸ਼ਰਮਾ ਅਤੇ ਐਡਵੋਕੇਟ ਜਤਿੰਦਰ ਕੀਂਗਰਾ ਵੱਲੋਂ ਪੁਲਸ ਵੱਲੋਂ ਨਾਮਜ਼ਦ ਦੋਸ਼ੀਆਂ ਦੇ ਬੇਕਸੂਰ ਹੋਣ ਅਤੇ ਗਲਤ ਢੰਗ ਨਾਲ ਫਸਾਉਣ ਦਾ ਦਾਅਵਾ ਕਰਦੇ ਹੋਏ ਇਸ ਸਬੰਧੀ ਦਲੀਲਾਂ ਪੇਸ਼ ਕੀਤੀਆਂ ਸੀ।
ਇਸ ਮਾਮਲੇ ਵਿਚ ਸ਼ਿਕਾਇਤ ਕਰਤਾ ਅਤੇ ਮ੍ਰਿਤਕ ਦੀ ਪਤਨੀ ਕਰਮਜੀਤ ਕੌਰ ਉਰਫ਼ ਨਵਦੀਪ ਕੌਰ ਪਤਨੀ ਸਵ. ਬਲਜਿੰਦਰ ਸਿੰਘ ਨਿਵਾਸੀ ਪਿੰਡ ਡਾਲਾ ਨੇ 10 ਸਤੰਬਰ 2023 ਨੂੰ ਥਾਣਾ ਮਹਿਣਾ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਘਟਨਾ ਵਾਲੇ ਦਿਨ ਪਹਿਲਾਂ ਉਸ ਦੇ ਪਤੀ ਸਵ. ਬਲਜਿੰਦਰ ਸਿੰਘ ਦੇ ਮੋਬਾਇਲ ਫੋਨ ’ਤੇ ਇਕ ਫੋਨ ਆਇਆ ਸੀ ਅਤੇ ਫੋਨ ਕਰਨ ਵਾਲੇ ਵਿਅਕਤੀਆਂ ਨੇ ਉਨ੍ਹਾਂ ਦੇ ਪਤੀ ਤੋਂ ਕੁਝ ਫਾਰਮਾਂ ’ਤੇ ਦਸਤਖਤ ਕਰਵਾਉਣ ਦੀ ਗੱਲ ਕਹੀ ਸੀ, ਜਿਸ ’ਤੇ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ਘਰ ਬੁਲਾ ਲਿਆ ਸੀ।
ਕਾਲ ਆਉਣ ਦੇ ਕੁਝ ਦੇਰ ਬਾਅਦ ਹੀ ਦੋ ਨੌਜਵਾਨ ਉਨ੍ਹਾਂ ਦੇ ਘਰ ਮੋਟਰਸਾਈਕਲ ’ਤੇ ਆਏ ਅਤੇ ਜਦੋਂ ਹੀ ਉਸਦੇ ਪਤੀ ਨੰਬਰਦਾਰ ਬਲਜਿੰਦਰ ਸਿੰਘ ਘਰ ਦੇ ਮੁੱਖ ਗੇਟ ’ਤੇ ਗਏ ਤਾਂ ਉਨ੍ਹਾਂ ਵਿਚੋਂ ਇਕ ਨੌਜਵਾਨ ਨੇ ਉਸਦੇ ਪਤੀ ’ਤੇ ਆਪਣੀ ਪਿਸਤੌਲ ਨਾਲ ਗੋਲੀਆਂ ਚਲਾ ਦਿੱਤੀਆਂ ਜੋ ਉਸਦੇ ਪਤੀ ਦੇ ਪੇਟ ਅਤੇ ਲੱਤ ’ਤੇ ਲੱਗੀ। ਉਸ ਨੂੰ ਜ਼ਖਮੀ ਕਰਨ ਦੇ ਬਾਅਦ ਉਕਤ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ।
ਸ਼ਿਕਾਇਤਕਰਤਾ ਕਰਮਜੀਤ ਕੌਰ ਨੇ ਦੱਸਿਆ ਕਿ ਜ਼ਖਮੀ ਹਾਲਤ ਵਿਚ ਉਨ੍ਹਾਂ ਦੇ ਪਤੀ ਵੱਲੋਂ ਇਸ ਮਾਮਲੇ ਵਿਚ 4 ਲੋਕਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ, ਜਿਸ ਦੇ ਆਧਾਰ ’ਤੇ ਪੁਲਸ ਨੇ ਇਹ ਮਾਮਲਾ ਦਰਜ ਕੀਤਾ ਸੀ। ਅੱਜ ਮਾਣਯੋਗ ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਸੀ, ਜਿਸ ਦੌਰਾਨ ਮਾਣਯੋਗ ਅਦਾਲਤ ਨੇ ਇਸ ਮਾਮਲੇ ਵਿਚ ਨਾਮਜ਼ਦ ਕ੍ਰਿਸ਼ਨ ਕੁਮਾਰ ਉਰਫ਼ ਬਾਬਾ ਪੁੱਤਰ ਦੀਪਕ ਕੁਮਾਰ ਨਿਵਾਸੀ ਕੋਟਕਪੂਰਾ ਅਤੇ ਗੁਰਵਿੰਦਰ ਸਿੰਘ ਉਰਫ਼ ਕਾਕਾ ਪੁੱਤਰ ਜਤਿੰਦਰ ਸਿੰਘ ਨਿਵਾਸੀ ਠੇਠਰ ਕਲਾਂ ਜ਼ਿਲਾ ਫਿਰੋਜ਼ਪੁਰ ਨੂੰ 6 ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ ਹੈ।