ਨਡਾਲਾ -ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਪਿੰਡ ਦਿਆਲਪੁਰ ਬਰਾੜ ਹਸਪਤਾਲ ਨੇੜੇ ਐਕਟਿਵਾ ’ਤੇ ਜਾ ਰਹੇ ਪਤੀ-ਪਤਨੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਵਾਹਨ ਅੱਗੇ ਜਾ ਰਹੇ ਵਿਅਕਤੀ ਦੇ ਉੱਪਰ ਜਾ ਚੜ੍ਹਿਆ, ਜਿਸ ਕਾਰਨ ਐਕਟਿਵਾ ਚਾਲਕ ਅਤੇ ਪੈਦਲ ਜਾ ਰਹੇ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂਕਿ ਐਕਟਿਵਾ ਦੇ ਪਿੱਛੇ ਬੈਠੀ ਔਰਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਹਿਲਾਂ ਜਲੰਧਰ ਦੇ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ। ਬਾਅਦ ’ਚ ਉਸ ਨੂੰ ਨਵਾਂਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ।
ਥਾਣਾ ਸੁਭਾਨਪੁਰ ਦੀ ਪੁਲਸ ਨੇ ਦੋਵੇਂ ਲਾਸ਼ਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੱਖਵਾਇਆ ਹੈ। ਮ੍ਰਿਤਕ ਦੀ ਪਛਾਣ 56 ਸਾਲਾ ਵਿਜੇ ਕੁਮਾਰ ਪੁੱਤਰ ਬਿਸ਼ਨ ਲਾਲ ਅਤੇ ਉਸ ਦੀ ਬੁਰੀ ਤਰ੍ਹਾਂ ਜ਼ਖ਼ਮੀ 50 ਸਾਲਾ ਪਤਨੀ ਵੀਨਾ ਕੁਮਾਰੀ ਵਾਸੀ ਬਲੱਡ ਡੋਨਰ ਕਾਲੋਨੀ, ਸਲੋਹ ਰੋਡ, ਨਵਾਂ ਸ਼ਹਿਰ ਵਜੋਂ ਹੋਈ ਹੈ। ਜਦੋਂਕਿ ਦੂਜੇ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।















