ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2019 ਵਿੱਚ ਉਸ ਸਮੇ ਇੱਕ ਵੱਡੀ ਤਬਦੀਲੀ ਕੀਤੀ ਸੀ ਜਦੋਂ ਉਨ੍ਹਾਂ ਪਾਕਿਸਤਾਨ ਦੇ ਬਾਲਾਕੋਟ ਵਿੱਚ ਅੱਤਵਾਦੀ ਕੈਂਪ ਨੂੰ ਤਬਾਹ ਕਰਨ ਲਈ ਭਾਰਤੀ ਫੋਰਸਾਂ ਨੂੰ ਸਰਜੀਕਲ ਸਟ੍ਰਾਈਕ ਕਰਨ ਲਈ ਕਿਹਾ ਸੀ।
ਭਾਰਤ ਦੀ ਇਹ ਨੀਤੀ ਸੀ ਕਿ ਦੁਸ਼ਮਣ ’ਤੇ ਹਮਲਾ ਕਰਨ ਲਈ ਕਦੇ ਵੀ ਸਰਹੱਦ ਪਾਰ ਨਹੀਂ ਕੀਤੀ ਜਾਵੇਗੀ । ਭਾਰਤ ਆਪਣਾ ਬਚਾਅ ਕਰੇਗਾ ਪਰ ਬਾਲਾਕੋਟ ਨੇ ਸਭ ਕੁਝ ਬਦਲ ਦਿੱਤਾ ਅਤੇ ਮੋਦੀ ਨੇ ਪਾਕਿਸਤਾਨ ਅੰਦਰ ਸਿੱਧਾ ਹਮਲਾ ਕਰਨ ਦਾ ਫੈਸਲਾ ਕੀਤਾ।
ਪੂਰੀ ਦੁਨੀਆ ’ਚ ਸਾਡੀਆਂ ਚੋਟੀ ਦੀਆਂ ਖੁਫੀਆ ਏਜੰਸੀਆਂ ਕੀ ਕਰ ਰਹੀਆਂ ਹਨ, ’ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਮੋਦੀ ਦਾ ਹਮਲਾਵਰ ਰਵੱਈਆ ਮੁੱਖ ਤੌਰ ’ਤੇ ਪੀ. ਐੱਮ. ਓ. ’ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਕਾਰਨ ਹੀ ਹੈ।
ਡੋਭਾਲ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਕੰਮ ਕਰ ਰਹੇ ਹਨ । ਉਹ ਪਾਕਿਸਤਾਨੀ ਮਾਮਲਿਆਂ ਦੇ ਮਾਹਿਰ ਹਨ। ਇਹ ਉਹੀ ਡੋਭਾਲ ਹਨ ਜਿਨ੍ਹਾਂ ਨੇ 2005 ’ਚ ਦੁਬਈ ਵਿੱਚ ਗੈਂਗਸਟਰ ਦਾਊਦ ਇਬਰਾਹਿਮ ਨੂੰ ਖਤਮ ਕਰਨ ਲਈ ਇੱਕ ਅੱਤਵਾਦੀ ਗਰੋਹ ਬਣਾਉਣ ਦੀ ਸਾਜ਼ਿਸ਼ ਰਚੀ ਸੀ। ਡੋਭਾਲ ਉਦੋਂ ਇੰਟੈਲੀਜੈਂਸ ਬਿਊਰੋ ਦੇ ਮੁਖੀ ਸਨ। ਉਹ ਉਸੇ ਸਾਲ ਜਨਵਰੀ ਵਿੱਚ ਸੇਵਾਮੁਕਤ ਹੋਏ ਸਨ ਪਰ ਭਾਰਤੀ ਏਜੰਸੀਆਂ ਦੀ ਮਦਦ ਕਰਦੇ ਰਹੇ।
ਉਸ ਸਮੇਂ ਕੇਂਦਰ ’ਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਸੀ। ਜੇ ਹੁਣੇ ਜਿਹੇ ਹੀ ਪਾਕਿਸਤਾਨ, ਇਟਲੀ ਅਤੇ ਹੋਰ ਥਾਵਾਂ ’ਤੇ ਇੱਕ ਦਰਜਨ ਤੋਂ ਵੱਧ ਕੱਟੜ ਅੱਤਵਾਦੀਆਂ ਦਾ ਖਾਤਮਾ ਕੀਤਾ ਗਿਆ ਹੈ ਤਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਭਾਰਤ ਨੇ ਮੋਦੀ ਦੀ ਅਗਵਾਈ ਵਿੱਚ ਆਪਣੀ ਨੀਤੀ ਬਦਲੀ ਹੈ।
ਭਾਰਤ ਨੇ ਪੱਛਮੀ ਦੇਸ਼ਾਂ ਨੂੰ ਕਿਹਾ ਹੈ ਕਿ ਜੇ ਅਸੀਂ ਪੈਸਾ ਕਮਾਉਣ ਲਈ ਆਪਣੀ ਮੰਡੀ ਤੁਹਾਨੂੰ ਦੇ ਰਹੇ ਹਾਂ ਤਾਂ ਇਹ ਕੋਈ ਮੁਫਤ ਦਾ ਲੰਗਰ ਨਹੀਂ ਹੈ। ਇਸ ਦੀ ਕੀਮਤ ਚੁਕਾਉਣੀ ਪਵੇਗੀ । ਕੈਨੇਡਾ ਨੂੰ ਅੱਤਵਾਦ ਵਿਰੁੱਧ ਕਾਰਵਾਈ ਕਰਨੀ ਪਵੇਗੀ। ਕੈਨੇਡਾ ਬਾਰੇ ਅੰਤਿਮ ਬਿਆਨ ਅਜੇ ਲਿਖਿਆ ਜਾਣਾ ਬਾਕੀ ਹੈ।















