4 ਸਾਲਾ ਮਾਸੂਮ ਨੂੰ ਸਕੂਲ ਵੈਨ ਡਰਾਈਵਰ ਨੇ ਬਣਾਇਆ ਹਵਸ ਦਾ ਸ਼ਿਕਾਰ

ਇੰਦੌਰ – ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ ਇਕ ਨਿੱਜੀ ਪਲੇਅ ਸਕੂਲ ਦੀ ਵੈਨ ਦੇ ਡਰਾਈਵਰ ਨੇ 4 ਸਾਲ ਦੀ ਇਕ ਬੱਚੀ ਨਾਲ ਜਿਨਸੀ ਸ਼ੋਸ਼ਣ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਸ਼ੁੱਕਰਵਾਰ ਸ਼ਾਮ ਵੈਨ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਸੁਮਿਤ ਵਜੋਂ ਹੋਈ ਹੈ। ਸੰਯੋਗਿਤਾਗੰਜ ਪੁਲਸ ਥਾਣਾ ਇੰਚਾਰਜ ਵਿਜੇ ਤਿਵਾੜੀ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦੀ ਗੱਲ ਉਦੋਂ ਸਾਹਮਣੇ ਆਈ, ਜਦੋਂ ਮਾਂ ਨੂੰ ਬੱਚੀ ਦਾ ਰਵੱਈਆ ਆਮ ਨਹੀਂ ਲੱਗਾ ਅਤੇ ਪੀੜਤਾ ਨੇ ਉਸ ਦੇ ਨਿੱਜੀ ਅੰਗਾਂ ‘ਚ ਦਰਦ ਦੀ ਸ਼ਿਕਾਇਤ ਕੀਤੀ।
ਤਿਵਾੜੀ ਨੇ ਅਨੁਸਾਰ ਬੱਚੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਦੋਸ਼ੀ ਨੇ ਉਸ ਦੇ ਨਿੱਜੀ ਅੰਗਾਂ ਨੂੰ ਛੂਹਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਉਨ੍ਹਾਂ ਕਿਹਾ,”ਮਾਤਾ-ਪਿਤਾ ਬੱਚੀ ਨੂੰ ਪੁਲਸ ਥਾਣੇ ਲੈ ਆਏ, ਜਿੱਥੋਂ ਉਸ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ।” ਤਿਵਾੜੀ ਅਨੁਸਾਰ ਪੁਲਸ ਨੇ ਨਿੱਜੀ ਪਲੇਅ ਸਕੂਲ ਤੋਂ ਡਰਾਈਵਰ ਦਾ ਵੇਰਵਾ ਹਾਸਲ ਕੀਤਾ ਅਤੇ ਸ਼ੁੱਕਰਵਾਰ ਸ਼ਾਮ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 376 (3) (16 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਜਬਰ ਜ਼ਿਨਾਹ), 354 (ਕਿਸੇ ਔਰਤ ‘ਤੇ ਹਮਲਾ ਜਾਂ ਅਪਰਾਧਕ ਬਲ ਪ੍ਰਯੋਗ) ਅਤੇ 506 (ਅਪਰਾਧਕ ਧਮਕੀ) ਤੋਂ ਇਲਾਵਾ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।