ਕਰੀਮਗੰਜ – ਆਸਾਮ ਦੇ ਕਰੀਮਗੰਜ ਜ਼ਿਲ੍ਹੇ ’ਚ ਇਕ ਕੁੜੀ ਦੀ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ’ਚ ਰੇਲਵੇ ਦੇ ਇਕ ਕਰਮਚਾਰੀ ਸਮੇਤ 3 ਲੋਕਾਂ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ 9 ਸਤੰਬਰ ਦੀ ਹੈ ਅਤੇ ਉਸੇ ਦਿਨ ਕਰੀਮਗੰਜ ਸ਼ਹਿਰ ਦੇ ਬਾਈਪਾਸ ਨੇੜਿਓਂ ਪੀੜਤਾ ਦੀ ਲਾਸ਼ ਬਰਾਮਦ ਕਰ ਲਈ ਗਈ ਸੀ। ਕਰੀਮਗੰਜ ਦੇ ਐੱਸ.ਪੀ. ਪਾਰਥ ਪ੍ਰੀਤਮ ਦਾਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੋਸਟਮਾਰਟਮ ’ਚ ਲਾਸ਼ ਨਾਲ ਜਬਰ-ਜ਼ਿਨਾਹ ਦੀ ਪੁਸ਼ਟੀ ਹੋਈ ਹੈ ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ.ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਕੁੜੀ ਦੀ ਨਿੱਜੀ ਡਾਇਰੀ ’ਚੋਂ ਇਕ ਫ਼ੋਨ ਨੰਬਰ ਮਿਲਿਆ, ਜਿਸ ਕਾਰਨ ਤਿੰਨਾਂ ਮੁਲਜ਼ਮਾਂ ਦਾ ਪਤਾ ਲੱਗਾ ਅਤੇ ਕਰੀਮਗੰਜ ਸ਼ਹਿਰ ’ਚੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਰੇਲਵੇ ’ਚ ਇਕ ਨਵ-ਨਿਯੁਕਤ ਕਰਮਚਾਰੀ ਦਾ ਕੁੜੀ ਨਾਲ ਪ੍ਰੇਮ-ਸਬੰਧ ਸੀ ਅਤੇ ਉਹ ਕੁੜੀ ’ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਿਹਾ ਸੀ ਪਰ ਉਸ ਨੇ ਇਸ ਤੋਂ ਵਾਰ-ਵਾਰ ਇਨਕਾਰ ਕੀਤਾ ਸੀ। 9 ਸਤੰਬਰ ਨੂੰ ਕੁੜੀ ਨੂੰ ਉਸ ਦੇ ਘਰ ’ਚ ਇਕੱਲੀ ਦੇਖ ਕੇ ਉਸ ਦਾ ਦੋਸਤ ਅਤੇ ਉਸ ਦੇ 2 ਸਾਥੀਆਂ ਨੇ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਦੀ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਨਾਲ ਜਬਰ-ਜ਼ਿਨਾਹ ਕੀਤਾ।















