ਇੰਟਰਨੈਸ਼ਨਲ ਡੈਸਕ : ਅਫਰੀਕੀ ਦੇਸ਼ ਮੋਰੱਕੋ ‘ਚ ਭੂਚਾਲ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇੱਥੇ ਭੂਚਾਲ ਤੋਂ ਬਾਅਦ ਕਈ ਇਮਾਰਤਾਂ ਢਹਿ ਗਈਆਂ। ਹੁਣ ਤੱਕ 296 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਹ ਭੂਚਾਲ 6.8 ਦੀ ਤੀਬਰਤਾ ਨਾਲ ਆਇਆ। ਭੂਚਾਲ ਕਾਰਨ ਸਾਰੇ ਪਾਸੇ ਹਾਹਾਕਾਰ ਮਚ ਗਈ। ਉਂਝ ਤਾਂ ਮੋਰੱਕੋ ‘ਚ ਅਕਸਰ ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਰਹਿੰਦੇ ਹਨ ਪਰ ਰਿਪੋਰਟਾਂ ਦੇ ਮੁਤਾਬਕ ਇਹ ਬੀਤੇ 9 ਸਾਲਾਂ ‘ਚ ਸਭ ਤੋਂ ਵੱਡਾ ਭੂਚਾਲ ਹੈ।
ਪੂਰਬ ਉੱਤਰੀ ਮੋਰੱਕੋ ਦੇ ਅਲ ਹੋਸੇਇਮਾ ‘ਚ ਸਾਲ 2004 ‘ਚ ਤੇਜ਼ ਭੂਚਾਲ ਦੇ ਝਟਕੇ ਆਏ ਸਨ, ਜਿਸ ‘ਚ ਕਰੀਬ 628 ਲੋਕਾਂ ਦੀ ਮੌਤ ਹੋ ਗਈ ਸੀ ਅਤੇ 900 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।
ਇਸ ਤੋਂ ਇਲਾਵਾ ਮੋਰੱਕੋ ਦੇ ਗੁਆਂਢੀ ਦੇਸ਼ ਅਲਜੀਰੀਆ ‘ਚ ਸਾਲ 1980 ‘ਚ 7.3 ਤੀਬਰਤਾ ਨਾਲ ਭੂਚਾਲ ਆਇਆ ਸੀ, ਜਿਸ ‘ਚ ਕਰੀਬ 2500 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਰੀਬ 3 ਲੱਖ ਲੋਕ ਬੇਘਰ ਹੋ ਗਏ ਸਨ।















