ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੀ ਪੁਰਸ਼ ਭਾਲਾ ਸੁੱਟ ਮੁਕਾਬਲੇ ‘ਚ ਸੋਨ ਤਮਗਾ ਜਿੱਤਣ ਲਈ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨੀਰਜ ਨੇ ਇਕ ਵਾਰ ਫਿਰ ਤੋਂ ਇਤਿਹਾਸ ਰਚ ਕੇ ਸਾਨੂੰ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਦੱਸ ਦੇਈਏ ਕਿ ਨੀਰਜ ਚੋਪੜਾ ਨੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਕੇ ਐਤਵਾਰ ਨੂੰ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਬੁਡਾਪੇਸਟ ‘ਚ ਪੁਰਸ਼ਾਂ ਦੇ ਭਾਲਾ ਸੁੱਟ ਮੁਕਾਬਲੇ ਵਿਚ 88.17 ਮੀਟਰ ਦੇ ਥਰੋ ਨਾਲ ਇਹ ਉਪਲੱਬਧੀ ਹਾਸਲ ਕੀਤੀ ਹੈ।
ਨੀਰਜ ਦੇ ਘਰ ਖੁਸ਼ੀ ਦਾ ਮਾਹੌਲ
ਨੀਰਜ ਦੇ ਸੋਨ ਤਮਗਾ ਜਿੱਤਣ ‘ਤੇ ਪਾਨੀਪਤ ਵਿਚ ਉਨ੍ਹਾਂ ਦੇ ਪਿੰਡ ਖੰਡਰਾ ‘ਚ ਜਸ਼ਨ ਦਾ ਮਾਹੌਲ ਹੈ। ਨੀਰਜ ਦੇ ਚਾਚਾ ਭੀਮ ਚੋਪੜਾ ਨੇ ਕਿਹਾ ਕਿ ਪਰਿਵਾਰ ‘ਚ ਇਸ ਗੱਲ ਨੂੰ ਲੈ ਕੇ ਭਰੋਸਾ ਸੀ ਕਿ ਉਹ ਸੋਨ ਤਮਗਾ ਜਿੱਤੇਗਾ। ਚਾਚਾ ਨੇ ਕਿਹਾ ਕਿ ਪਰਿਵਾਰ ਦੇ ਸਾਰੇ ਮੈਂਬਰ ਜਸ਼ਨ ਮਨਾ ਰਹੇ ਹਨ। ਪਿੰਡ ਵਾਸੀ ਪੂਰੀ ਰਾਤ ਜਾਗਦੇ ਰਹੇ ਅਤੇ ਹੁਣ ਉਹ ਸਾਡੇ ਘਰ ਇਕੱਠੇ ਹੋਏ ਹਨ ਅਤੇ ਹੋਰ ਹਿੱਸਿਆਂ ਤੋਂ ਵੀ ਲੋਕ ਇੱਥੇ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨੀਰਜ ਦੇ ਮਾਤਾ-ਪਿਤਾ ਵੀ ਉਸ ਦੀ ਇਸ ਉਪਲੱਬਧੀ ‘ਤੇ ਬਹੁਤ ਖੁਸ਼ ਹਨ ਅਤੇ ਮਾਣ ਮਹਿਸੂਸ ਕਰ ਰਹੇ ਹਨ।
ਮੁੱਖ ਮੰਤਰੀ ਖੱਟੜ ਨੇ ਕਿਹਾ- ਸਾਨੂੰ ਨੀਰਜ ‘ਤੇ ਬਹੁਤ ਮਾਣ ਹੈ
ਮੁੱਖ ਮੰਤਰੀਭਗਵੰਤ ਮਾਨ ਨੇ ਵੀ ਕੀਤੀ ਸ਼ਲਾਘਾ
ਓਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਨ ਤਮਗਾ ਜਿੱਤਣ ਲਈ ਨੀਰਜ ਚੋਪੜਾ ਦੀ ਸ਼ਲਾਘਾ ਕੀਤੀ। ਮਾਨ ਨੇ ਐਕਸ ‘ਤੇ ਕਿਹਾ ਕਿ ਭਾਰਤ ਦੇ ਨੀਰਜ ਚੋਪੜਾ ਨੇ ਬੁਡਾਪੇਸਟ ਵਿਚ ਚੱਲ ਰਹੀ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਇਤਿਹਾਸ ਰਚ ਦਿੱਤਾ। ਨੀਰਜ ਨੇ 88.17 ਮੀਟਰ ਦੀ ਦੂਰੀ ਤੱਕ ਭਾਲਾ ਸੁੱਟ ਕੇ ਭਾਰਤ ਲਈ ਸੋਨ ਤਮਗਾ ਜਿੱਤਿਆ। ਦੇਸ਼ ਨੂੰ ਨੀਰਜ ‘ਤੇ ਹਮੇਸ਼ਾ ਮਾਣ ਹੈ। ਚਕ ਦੇ ਇੰਡੀਆ। ਦੱਸਣਯੋਗ ਹੈ ਕਿ ਚੋਪੜਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੋਂ ਬਾਅਦ ਇਕੋ ਸਮੇਂ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਬਿੰਦਰਾ ਨੇ 23 ਸਾਲ ਦੀ ਉਮਰ ਵਿਚ ਵਿਸ਼ਵ ਚੈਂਪੀਅਨਸ਼ਿਪ ਅਤੇ 25 ਸਾਲ ਦੀ ਉਮਰ ਵਿਚ ਓਲੰਪਿਕ ‘ਚ ਸੋਨ ਤਮਗਾ ਜਿੱਤਿਆ ਸੀ।















