ਸੁਪਰੀਮ ਕੋਰਟ ਨੇ ਮੌਤ ਦੀ ਸਜ਼ਾ ਦੇ ਦੋਸ਼ੀ ਨੂੰ ਕੀਤਾ ਰਿਹਾਅ, ਬੇਟੇ ਅਤੇ 2 ਭਰਾਵਾਂ ਦੇ ਕਤਲ ਦੇ ਦੋਸ਼ਾਂ ਤੋਂ ਕੀਤਾ ਬਰੀ

ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਬਿਜਨੌਰ ਨਿਵਾਸੀ ਇਕ ਵਿਅਕਤੀ ਦੀ ਹਾਈ ਕੋਰਟ ਵੱਲੋਂ ਬਰਕਰਾਰ ਰੱਖੀ ਗਈ ਮੌਤ ਦੀ ਸਜ਼ਾ ਨੂੰ ਪਲਟਦੇ ਹੋਏ ਉਸ ਨੂੰ 2014 ’ਚ ਬੇਟੇ ਅਤੇ ਦੋ ਭਰਾਵਾਂ ਨੂੰ ਘਰ ਨੂੰ ਅੱਗ ਲਾ ਕੇ ਮਾਰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਦੋ ਪੀੜਤਾਂ ਦੇ ਮਰਨ ਤੋਂ ਪਹਿਲਾਂ ਦਿੱਤੇ ਬਿਆਨ ਮੁੱਖ ਗਵਾਹਾਂ ਦੀ ਗਵਾਹੀ ਨਾਲ ਮੇਲ ਨਹੀਂ ਖਾਂਦੇ। ਦੋਸ਼ਾਂ ਮੁਤਾਬਕ ਦੋਸ਼ੀ ਦਾ ਬੇਟਾ ਅਤੇ ਭਰਾ ਕਥਿਤ ਤੌਰ ’ਤੇ ਉਸ ਦੇ ਦੂਜੇ ਵਿਆਹ ਦੇ ਖ਼ਿਲਾਫ਼ ਸਨ।
ਸੁਪਰੀਮ ਕੋਰਟ ਨੇ ਮੌਤ ਤੋਂ ਪਹਿਲਾਂ ਦਿੱਤੇ ਬਿਆਨ ’ਤੇ ਕਾਨੂੰਨੀ ਸਿੱਧਾਂਤ ਅਤੇ ਇਸ ਧਾਰਨਾ ਦੀ ਭਰੋਸੇਯੋਗਤਾ ’ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਕਿ ਮਰਨ ਵਾਲਾ ਵਿਅਕਤੀ ਝੂਠ ਨਹੀਂ ਬੋਲਦਾ ਹੈ। ਜਸਟਿਸ ਬੀ.ਆਰ. ਗਵਈ, ਜਸਟਿਸ ਜੇ. ਬੀ. ਪਾਰਦੀਵਾਲਾ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਆਪਣੇ 36 ਪੰਨਿਆਂ ਦੇ ਫੈਸਲੇ ’ਚ ਕਿਹਾ,‘‘ਮਰਨ ਤੋਂ ਪਹਿਲਾਂ ਦਿੱਤਾ ਗਿਆ ਬਿਆਨ ਸੱਚ ਹੋਣ ਦੀ ਕਲਪਨਾ ਰੱਖਦੇ ਹੋਏ ਪੂਰੀ ਤਰ੍ਹਾਂ ਭਰੋਸੇਯੋਗ ਅਤੇ ਆਤਮਵਿਸ਼ਵਾਸ ਜਗਾਉਣ ਵਾਲਾ ਹੋਣਾ ਚਾਹੀਦਾ ਹੈ।’’