ਦੁਬਈਂ ਭਾਰਤੀ ਸਟਾਰ ਬੱਲੇਬਾਜ਼ ਅਜਿੰਕੇ ਰਹਾਣੇ ਨੇ ਵੈਸਟ ਇੰਡੀਜ਼ ਦੇ ਖਿਲਾਫ਼ ਤੀਜੇ ਟੈਸਟ ‘ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਆਈ. ਸੀ. ਸੀ. ਬੱਲੇਬਾਜ਼ੀ ਰੈਂਕਿੰਗ ‘ਚ ਚੋਟੀ ਦੇ ਦਸ ਬੱਲੇਬਾਜ਼ਾਂ ‘ਚ ਜਗ੍ਹਾ ਬਣਾ ਲਈ ਹੈ, ਜਦਕਿ ਸਵਿੰਗ ਗੇਂਦਬਾਜ਼ ਭੂਵਨੇਸ਼ਵਰ ਕੁਮਾਰ ਚੋਟੀ ਦੇ 50 ਗੇਂਦਬਾਜ਼ਾਂ ‘ਚ ਪਹੁੰਚ ਗਏ ਹਨ। ਭਾਰਤ ਦਾ ਵੈਸਟ ਇੰਡੀਜ਼ ਦੇ ਖਿਲਾਫ਼ ਤੀਜਾ ਟੈਸਟ ਅਤੇ ਪਾਕਿਸਤਾਨ ਦਾ ਇੰਗਲੈਂਡ ਖਿਲਾਫ਼ ਚੌਥਾ ਟੈਸਟ ਮੈਚ ਖਤਮ ਹੋਣ ਤੋਂ ਬਾਅਦ ਤਾਜ਼ਾ ਟੈਸਟ ਰੈਂਕਿੰਗ ਜਾਰੀ ਕੀਤੀ ਗਈ, ਜਿਸ ‘ਚ ਰਹਾਣੇ ਤਿੰਨ ਸਥਾਨਾਂ ਦੇ ਸੁਧਾਰ ਨਾਲ ਅੱਠਵੇਂ ਨੰਬਰ ‘ਤੇ ਪਹੁੰਚ ਗਏ ਹਨ।
ਰਹਾਣੇ ਨੇ ਗ੍ਰਾਸ ਆਇਲੇਟ ‘ਚ ਤੀਜੇ ਟੈਸਟ ‘ਚ 35 ਅਤੇ ਅਜੇਤੂ 78 ਦੌੜਾਂ ਬਣਾਈਆਂ ਸਨ। ਭਾਰਤ ਨੇ ਇਹ ਟੈਸਟ 237 ਦੌੜਾਂ ਨਾਲ ਜਿੱਤ ਕੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ‘ਚ 2-0 ਦੀ ਬੜਤ ਬਣਾਈ ਹੈ। ਇਸ ਟੈਸਟ ‘ਚ ਵਾਪਸੀ ਕਰਨ ਵਾਲੇ ਸਵਿੰਗ ਗੇਂਦਬਾਜ਼ ਭੂਵਨੇਸ਼ਵਰ ਕੁਮਾਰ ਨੇ ਪਹਿਲੀ ਪਾਰੀ ‘ਚ ਪੰਜ ਵਿਕਟ ਦੇ ਬਿਹਤਰੀਨ ਪ੍ਰਦਰਸ਼ਨ ਦੀ ਬਦੌਲਤ ਸਿੱਧਾ ਚੋਟੀ ਦੇ 50 ਗੇਂਦਬਾਜ਼ਾਂ ‘ਚ 35ਵਾਂ ਸਥਾਨ ਹਾਸਲ ਕਰ ਲਿਆ ਹੈ।












