ਨਵੀਂ ਦਿੱਲੀ- ਕਾਂਗਰਸ ਨੇਤਾ ਸੋਨੀਆ ਗਾਂਧੀ ਨੇ ਵੀਰਵਾਰ ਯਾਨੀ ਕਿ ਅੱਜ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੂੰ ਚਿੱਠੀ ਲਿਖ ਕੇ ਚੰਦਰਮਾ ਦੀ ਸਤ੍ਹਾ ‘ਤੇ ਚੰਦਰਯਾਨ-3 ਦੀ ਸਫ਼ਲ ਲੈਂਡਿੰਗ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸ਼ਾਨਦਾਰ ਉਪਲੱਬਧੀ ਸਾਰੇ ਭਾਰਤ ਵਾਸੀਆਂ ਲਈ ਮਾਣ ਦਾ ਵਿਸ਼ਾ ਹੈ। ਇਸਰੋ ਨੇ ਪੁਲਾੜ ਖੇਤਰ ਵਿਚ ਇਕ ਨਵਾਂ ਇਤਿਹਾਸ ਰਚਦੇ ਹੋਏ ਲੈਂਡਰ ‘ਵਿਕਰਮ’ ਅਤੇ ਰੋਵਰ ‘ਪ੍ਰਗਿਆਨ’ ਨੂੰ ਲੈ ਕੇ ਜਾਣ ਵਾਲੇ ਲੈਂਡਰ ਮਾਡਿਊਲ (ਐੱਲ. ਐੱਮ.) ਨੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਫਲਤਾਪੂਰਵਕ ਸਾਫਟ-ਲੈਂਡਿੰਗ ਕੀਤੀ ਹੈ। ਭਾਰਤੀ ਸਮੇਂ ਮੁਤਾਬਕ ਸ਼ਾਮ ਕਰੀਬ 6 ਵਜ ਕੇ 4 ਮਿੰਟ ‘ਤੇ ਇਸ ਨੇ ਚੰਨ ਦੀ ਸਤ੍ਹਾ ਨੂੰ ਛੂਹਿਆ।
ਸੋਨੀਆ ਗਾਂਧੀ ਨੇ ਸੋਮਨਾਥ ਨੂੰ ਲਿਖੀ ਚਿੱਠੀ ‘ਚ ਕਿਹਾ ਕਿ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹੁੰਦੀ ਹਾਂ ਕਿ ਬੀਤੀ ਸ਼ਾਮ ਇਸਰੋ ਵਲੋਂ ਹਾਸਲ ਕੀਤੀ ਸ਼ਾਨਦਾਰ ਉਪਲੱਬਧੀ ਤੋਂ ਮੈਂ ਬਹੁਤ ਖੁਸ਼ ਹੋਈ। ਇਹ ਸਾਰੇ ਭਾਰਤ ਵਾਸੀਆਂ, ਖ਼ਾਸ ਕਰ ਕੇ ਨੌਜਵਾਨਾਂ ਲਈ ਮਾਣ ਅਤੇ ਉਤਸ਼ਾਹ ਦਾ ਵਿਸ਼ਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਕਈ ਦਹਾਕਿਆਂ ਤੋਂ ਇਸਰੋ ਦੀ ਸ਼ਾਨਦਾਰ ਸਮਰੱਥਾਵਾਂ ਦਾ ਨਿਰਮਾਣ ਹੋਇਆ ਹੈ।
ਇਨ੍ਹਾਂ ਕੋਲ ਹਮੇਸ਼ਾ ਹੀ ਸ਼ਾਨਦਾਰ ਅਗਵਾਈ ਅਤੇ ਸਮੂਹਿਕ ਯਤਨਾਂ ਦੀ ਭਾਵਨਾ ਰਹੀ ਹੈ, ਜਿਸ ਨੇ ਇਸਰੋ ਨੂੰ ਹਮੇਸ਼ਾ ਅੱਗੇ ਵਧਾਇਆ ਹੈ। ਸੋਨੀਆ ਗਾਂਧੀ ਮੁਤਾਬਕ ਇਸਰੋ ਨੇ 1960 ਦੇ ਦਹਾਕੇ ਤੋਂ ਸਵੈ-ਨਿਰਭਰਤਾ ਦੇ ਆਧਾਰ ‘ਤੇ ਤਰੱਕੀ ਕੀਤੀ, ਜਿਸ ਨੇ ਇਸ ਦੀ ਸਫਲਤਾ ਵਿਚ ਬਹੁਤ ਯੋਗਦਾਨ ਪਾਇਆ। ਉਹ ਇਸਰੋ ਦੇ ਹਰੇਕ ਮੈਂਬਰ ਨੂੰ ਇਸ ਮੌਕੇ ‘ਤੇ ਵਧਾਈ ਦਿੰਦੀ ਹੈ।















