ਕਾਂਗਰਸ ਤੇ ‘ਆਪ’ ਦੇ ਨੇਤਾਵਾਂ ਦਾ ਸਿਆਸੀ ਭਵਿੱਖ ਤੈਅ ਕਰੇਗੀ 30 ਅਗਸਤ ਦੀ ਮੁੰਬਈ ਬੈਠਕ

ਜਲੰਧਰ, – ਪੰਜਾਬ ‘ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਦਾ ਸਿਆਸੀ ਭਵਿੱਖ 30 ਅਗਸਤ ਨੂੰ ਮੁੰਬਈ ‘ਚ ਹੋਣ ਵਾਲੀ 26 ਰਾਜਨੀਤਿਕ ਪਾਰਟੀਆਂ ਦੀ ਬੈਠਕ ਤੈਅ ਕਰੇਗੀ। ਆਈ.ਐੱਨ.ਡੀ.ਆਈ.ਏ. (ਇੰਡੀਆ) ਨਾਂ ਨਾਲ ਬਣੇ ਗਠਜੋੜ ਦਾ ਸੈਮੀਫਾਈਨਲ ਟੀਚਾ ਇਸੇ ਸਾਲ ਦੇ ਅਖੀਰ ਅਤੇ ਆਉਣ ਵਾਲੇ ਸਾਲ ਦੀ ਸ਼ੁਰੂਆਤ ‘ਚ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਚੋਣਾਂ ਅਤੇ ਫਾਈਨਲ ਟੀਚਾ ਸਾਲ 2024 ‘ਚ ਹੋਣ ਵਾਲੀਆਂ ਚੋਣਾਂ ਹੈ। ਪੰਜਾਬ ‘ਚ ਪ੍ਰਭਾਵ ਰੱਖਣ ਵਾਲੇ ਗਠਜੋੜ ਦੇ ਦੋ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੱਧ ਲੋਕ ਸਭਾ ਚੋਣਾਂ ਲਈ ਸੀਟਾਂ ਦਾ ਬਟਵਾਰਾ ਕਿਵੇਂ ਹੁੰਦਾ ਹੈ ਇਸਦਾ ਫੈਸਲਾ ਵੀ ਮੁੰਬਈ ਬੈਠਕ ਦੇ ਤੁਰੰਤ ਬਾਅਦ ਲਗਭਗ ਹੋ ਜਾਵੇਗਾ। ਇਸਨੂੰ ‘ਤੇ ਵੀ ਕਾਂਗਰਸ ਦੇ ਨੇਤਾ ਨਜ਼ਰ ਰੱਖ ਰਹੇ ਹਨ। ਇਸੇ ਰਾਜਨੀਤਿਕ ਹਲਚਲ ਨੂੰ ਲੈ ਕੇ ਘੱਟੋ-ਘੱਟ ਕਾਂਗਰਸ ‘ਚ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਸ਼ਾਂਤੀ ਦੀ ਸਥਿਤੀ ਬਣ ਰਹੀ ਹੈ। ਇਸ ਬੈਠਕ ‘ਤੇ ਸਾਰਿਆਂ ਦੀ ਨਜ਼ਰ ਟਿਕੀ ਹੋਈ ਹੈ।
30 ਅਗਸਤ ਅਤੇ 1 ਸਤੰਬਰ ਨੂੰ ਹੋਣ ਵਾਲੀ ਇਹ ਬੈਠਕ ਇਹ ਦਿਸ਼ਾ ਵੀ ਤੈਅ ਕਰੇਗੀ ਕਿ ਪੰਜਾਬ ‘ਚ ਕਾਂਗਰਸ ਵਿਰੋਧ ਧਿਰ ‘ਚ ਰਹੇਗੀ ਨਹੀਂ ਤਾਂ ਸਰਕਾਰ ਦਾ ਹਿੱਸਾ ਬਣੇਗੀ। ਕਾਂਗਰਸ ਅਤੇ ਆਮਦ ਆਦਮੀ ਪਾਰਟੀ ਦੇ ਨਵੇਂ ਰੂਪ ਨੂੰ ਲੈ ਕੇ ਪੰਜਾਬ ਦੀ ਰਾਜਨੀਤਿਕ ਫਿਜ਼ਾ ‘ਚ ਵਿਸ਼ੇਸ਼ ਰੂਪ ਨਾਲ ਕਾਂਗਰਸ ‘ਚ ਭੰਬਲਭੂਸੇ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਕਾਂਗਰਸ ਦੇ ਪੰਜਾਬ ‘ਚ 7 ਲੋਕ ਸਭਾ ਮੈਂਬਰ ਹਨ ਅਤੇ ਆਮ ਆਦਮੀ ਪਾਰਟੀ ਦਾ ਇਕ ਲੋਕ ਸਭਾ ਮੈਂਬਰ ਹੈ ਪਰ ਕੁਝ ਸੀਟਾਂ ‘ਤੇ ਦੋਵਾਂ ਪਾਰਟੀਆਂ ਦੇ ਨੇਤਾਵਾਂ ਵਿਚ ਟਕਰਾਅ ਹੋ ਸਕਦਾ ਹੈ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸਾਬਕਾ ਸੰਸਦ ਮੈਂਬਰ ਵੀ ‘ਆਪ’ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ। ਇਸ ਸਬੰਧੀ ਗੱਲਬਾਤ ਵਿਚਾਰ ਅਧੀਨ ਹੈ। ਦਲ ਬਦਲੀ ਸਬੰਧੀ ਸਾਬਕਾ ਸੰਸਦ ਮੈਂਬਰ ਦੀ ਇਕ ਸ਼ਰਤ ਇਹ ਹੈ ਕਿ ਉਨ੍ਹਾਂ ਨੂੰ ਫਿਰੋਜ਼ਪੁਰ ਸੰਸਦੀ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਦਿੱਤੀ ਜਾਵੇ।
ਸੂਤਰਾਂ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਸੰਭਾਵੀ ਗਠਜੋੜ ਦੀ ਤਜਵੀਜ਼ ਵਿੱਚ ਫਿਰੋਜ਼ਪੁਰ ਸੰਸਦੀ ਸੀਟ ਤੋਂ ਪੰਜਾਬ ਕਾਂਗਰਸ ਦੇ ਇੱਕ ਉੱਘੇ ਆਗੂ ਦੀ ਪਤਨੀ ਨੂੰ ਟਿਕਟ ਦੇਣਾ ਵੀ ਸ਼ਾਮਲ ਹੈ। ਇਸ ਸੰਭਾਵਨਾ ਕਾਰਨ ਆਗੂਆਂ ‘ਚ ਫੁੱਟ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਵਿਚ ਵੀ ਵਿਵਾਦ ਖੜ੍ਹਾ ਹੋ ਸਕਦਾ ਹੈ, ਜਿੱਥੋਂ ਕਾਂਗਰਸ ਦੇ ਮਨੀਸ਼ ਤਿਵਾੜੀ ਸੰਸਦ ਮੈਂਬਰ ਹਨ ਅਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਨਰਿੰਦਰ ਸਿੰਘ ਸ਼ੇਰਗਿੱਲ ਹਾਰ ਗਏ ਸਨ, ਜਦਕਿ ਫਰੀਦਕੋਟ ਸੰਸਦੀ ਸੀਟ, ਫਤਿਹਗੜ੍ਹ ਸਾਹਿਬ, ਹੁਸ਼ਿਆਰਪੁਰ, ਜਲੰਧਰ, ਖਡੂਰ ਸਾਹਿਬ ਅਤੇ ਲੁਧਿਆਣਾ ਅਜਿਹੀਆਂ ਸੀਟਾਂ ਹਨ, ਜਿੱਥੇ ਦੋਵਾਂ ਪਾਰਟੀਆਂ ਦੇ ਆਗੂਆਂ ਵਿੱਚ ਟੱਕਰ ਹੋ ਸਕਦੀ ਹੈ, ਜਿੱਥੇ ਪਿਛਲੀਆਂ ਸੰਸਦੀ ਚੋਣਾਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਮੈਦਾਨ ਵਿਚ ਸਨ। ਮੌਜੂਦਾ ਸਥਿਤੀ ਇਹ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 7 ‘ਤੇ ਕਾਂਗਰਸ, ਦੋ ‘ਤੇ ਭਾਜਪਾ, ਦੋ ਅਕਾਲੀ ਦਲ, ਇਕ ਆਮ ਆਦਮੀ ਪਾਰਟੀ ਅਤੇ ਇਕ ਸੀਟ ‘ਤੇ ਅਕਾਲੀ ਦਲ ਮਾਨ ਦਾ ਕਬਜ਼ਾ ਹੈ।